Skip to main content

PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ

CHAPTER - 2


ਲੇਖਕ ਬਾਰੇ

ਡਾ. ਐੱਸ. ਐੱਸ. ਵਣਜਾਰਾ ਬੇਦੀ 
(1924-2001)


ਮਾਤਾ ਜੀ ਦਾ ਨਾਂ : ਸ੍ਰੀਮਤੀ ਪ੍ਰੇਮ ਕੌਰ

ਪਿਤਾ ਜੀ ਦਾ ਨਾਂ : ਸ. ਸੁੰਦਰ ਸਿੰਘ ਬੇਦੀ

ਜਨਮ-ਮਿਤੀ: 28 ਨਵੰਬਰ, 1924

ਜਨਮ-ਸਥਾਨ : ਸਿਆਲਕੋਟ (ਹੁਣ ਪਾਕਿਸਤਾਨ ਵਿੱਚ)।


ਵਿੱਦਿਆ-ਪ੍ਰਾਪਤੀ :ਐੱਮ.ਏ., ਪੀ-ਐੱਚ.ਡੀ.

ਕੰਮ-ਕਿੱਤਾ : ਅਧਿਆਪਨ, ਲੇਖਨ, ਸੰਪਾਦਨ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਆਪ ਦਾ ਖੋਜ-ਕਾਰਜ ਮਹੱਤਵਪੂਰਨ ਹੈ।


ਮੁੱਖ ਰਚਨਾਵਾਂ : ਮੇਰਾ ਨਾਨਕਾ ਪਿੰਡ, ਮੇਰਾ ਦਾਦਕਾ ਪਿੰਡ, ਵਿਰਸੇ ਦੀ ਫੁਲਕਾਰੀ, ਪੰਜਾਬ ਦਾ ਲੋਕ-ਸਾਹਿਤ, ਬਾਤਾਂ ਮੁੱਢ ਕਦੀਮ ਦੀਆਂ, ਬਾਤਾਂ ਲੋਕ- ਪੰਜਾਬ ਦੀਆਂ, ਰਾਜਾ ਰਸਾਲੂ, ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ-ਰੂੜੀਆਂ, ਮੱਧਕਾਲੀ ਕਥਾ ਸਾਹਿਤ-ਰੂਪ ਤੇ ਪਰੰਪਰਾ।

ਸ੍ਵੈਜੀਵਨੀ :ਅੱਧਾ ਸੋਨਾ ਅੱਧੀ ਮਿੱਟੀ, ਮੇਰੇ ਰਾਹਾਂ ਦੇ ਰੰਗ, ਗਲੀਏ ਚਿਕੜ ਦੂਰਿ ਘਰਿ । ਪੰਜਾਬੀ ਲੋਕਧਾਰਾ ਵਿਸ਼ਵ-ਕੋਸ਼ (ਅੱਠ ਜਿਲਦਾਂ) ਆਪ ਦਾ ਨਿੱਗਰ ਕਾਰਜ ਹੈ।

        ਹਥਲੀ ਪਾਠ-ਪੁਸਤਕ ਵਿੱਚ ਇਹਨਾਂ ਦਾ ਲੇਖ 'ਪੰਜਾਬ ਦੇ ਮੇਲੇ ਤੇ ਤਿਉਹਾਰ' ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਇਹਨਾਂ ਨੇ ਪਹਿਲਾਂ ਪੰਜਾਬੀਆਂ ਦੇ ਜੀਵਨ ਵਿੱਚ ਮੇਲੇ ਦੀ ਮਹੱਤਤਾ ਦੱਸੀ ਹੈ। ਫਿਰ ਰੁੱਤ-ਚੱਕਰ ਮੁਤਾਬਿਕ ਪੰਜਾਬ ਦੇ ਮੁੱਖ ਮੇਲਿਆਂ ਦਾ ਵਰਨਣ ਕੀਤਾ ਹੈ। ਇਸ ਉਪਰੰਤ ਤਿਉਹਾਰਾਂ ਬਾਰੇ ਦੱਸਿਆ ਹੈ। ਪੰਜਾਬ ਦੇ ਕਈ ਤਿਉਹਾਰਾਂ ਸਮੇਂ ਮੇਲੇ ਵੀ ਲੱਗਦੇ ਹਨ, ਜਿਵੇਂ: ਦਿਵਾਲੀ, ਦਸਹਿਰਾ, ਹੋਲੀ, ਤੀਆਂ ਆਦਿ ਤਿਉਹਾਰ ਵੀ ਹਨ ਅਤੇ ਇਹਨਾਂ ਦੇ ਨਾਂ ਦੇ ਮੇਲੇ ਵੀ ਲੱਗਦੇ ਹਨ।PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ

PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ


    LONG TYPE QUESTIONS


    ਪ੍ਰਸ਼ਨ 1. ਡਾ: ਐੱਸ. ਐੱਸ. ਵਣਜਾਰਾ ਬੇਦੀ ਦੇ ਲੇਖ 'ਪੰਜਾਬ ਦੇ ਮੇਲੇ ਤੇ ਤਿਉਹਾਰ' ਵਿਚ ਆਏ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿਚ ਲਿਖੋ ।


    ਉੱਤਰ- 'ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਡਾ: ਐੱਸ ਐੱਸ ਵਣਜਾਰਾ ਬੇਦੀ ਦੀ ਰਚਨਾ ਹੈ । ਇਸ ਵਿਚ ਉਸਨੇ ਮੇਲਿਆਂ ਤੇ ਤਿਉਹਾਰਾਂ ਨੂੰ ਪੰਜਾਬੀ ਚਰਿੱਤਰ ਵਿਚ ਸਮਾਏ ਦੱਸਦਿਆਂ ਪੰਜਾਬ ਵਿਚ ਸਾਲ ਭਰ ਵਿਚ ਵੱਖ-ਵੱਖ ਮੌਕਿਆ ਉੱਤੇ ਵੱਖ-ਵੱਖ ਥਾਂਵਾਂ ਉੱਤੇ ਲੱਗਣ ਵਾਲੇ ਮੇਲਿਆਂ ਤੇ ਮਨਾਏ ਜਾਂਦੇ ਤਿਉਹਾਰਾਂ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਹੈ ।
        
    ਮੇਲੇ, ਸੰਸਕ੍ਰਿਤਕ ਨੁਹਾਰ ਦੇ ਪ੍ਰਤੀਬਿੰਬ-ਲੇਖਕ ਕਹਿੰਦਾ ਹੈ ਕਿ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪੂਰੀ ਤਰ੍ਹਾਂ ਪ੍ਰਤਿਬਿੰਬਤ ਹੁੰਦੀ ਹੈ । ਮੇਲੇ-ਮੇਲਿਆਂ ਵਿੱਚ ਜਾਤੀ ਪੂਰੀ ਖੁੱਲ੍ਹ ਮਾਣਦੀ, ਲੋਕ-ਪ੍ਰਤਿਭਾ ਨਿੱਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮੇਲੇ ਮਨ-ਪਰਚਾਵੇ ਤੇ ਮੇਲ-ਜੋਲ ਦੇ ਸਾਧਨ ਹੋਣ ਤੋਂ ਇਲਾਵਾ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ । ਮੇਲੇ ਤੇ ਪੰਜਾਬੀ ਚਰਿੱਤਰ-ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ । ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਜਿੱਥੇ ਪੰਜ-ਚਾਰ ਪੰਜਾਬੀ ਜੁੜ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ । ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ, ਫੇਰ ਤਾਂ ਪੰਜਾਬੀਆਂ ਦਾ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ ।

    ਮੇਲਾ ਇੱਕ ਅਜਿਹਾ ਇਕੱਠ ਹੈ, ਜਿਸ ਵਿਚ ਸਾਰੇ ਲਾੜੇ ਹੁੰਦੇ ਹਨ ਪਰ ਬਰਾਤੀ ਕੋਈ ਵੀ ਨਹੀਂ ਹੁੰਦਾ । ਮੇਲੇ ਵਿਚ ਪੰਜਾਬੀ ਦਾ 'ਨਿੱਜ' ਘੋੜੀ ਚੜ੍ਹਿਆ ਹੁੰਦਾ ਹੈ । ਬਜ਼ਾਰ ਦਾ ਉਭਰਨਾ-ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਾ ਕੋਈ ਨਵੀਂ ਚੀਜ਼ ਜਰੂਰ ਖਰੀਦਦੇ ਹਨ । ਇਸੇ ਕਰਕੇ ਹਰ ਮੇਲੇ ਵਿਚ ਇਕ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ ਦੀਆਂ ਭਾਂਤ-ਭਾਂਤ ਦੀਆਂ ਚੀਜਾਂ ਦੇ ਨਾਲ ਚੂੜੀਆਂ,ਵੰਗਾਂ, ਹਾਰ-ਸਿੰਗਾਰ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ । ਇਲਾਕੇ ਦੇ ਕਲਾਕਾਰ ਤੇ ਸਿਲਪੀ ਆਪੋ-ਆਪਣੀਆਂ ਕਲਾ-ਕ੍ਰਿਤਾਂ ਮੇਲੇ ਵਿਚ ਲਿਆਉਂਦੇ ਹਨ ।

    ਮੇਲਿਆਂ ਦਾ ਕਾਫ਼ਲਾ-ਮੇਲੇ ਕਈ ਤਰ੍ਹਾਂ ਦੇ ਹਨ ਤੇ ਇਨ੍ਹਾਂ ਦਾ ਸਜੀਲਾ ਕਾਫ਼ਲਾ ਸਦਾ ਚਲਦਾ ਰਹਿੰਦਾ ਹੈ । ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਜੁੜੇ ਹੋਏ ਹਨ । ਮੌਸਮੀ ਮੇਲੇ-ਮੌਸਮੀ ਮੇਲੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ ਹਨ । ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਕੁਦਰਤੀ ਵਾਤਾਵਰਨ ਨੂੰ ਲਿਆਉਂਦੀ ਹੈ ਤੇ ਇਨ੍ਹਾਂ ਵਿੱਚੋਂ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਬਸੰਤ ਦੀ ਹੈ । ਇਸ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਥਾਂ-ਥਾਂ ਨਿੱਕੇ- ਵੱਡੇ ਮੇਲੇ ਲਗਦੇ ਹਨ । ਪਟਿਆਲੇ ਤੇ ਛੇਹਰਟੇ ਦੀ ਬਸੰਤ ਪੰਚਮੀ ਖ਼ਾਸ ਪ੍ਰਸਿੱਧ ਹੈ। ਦੇਸ਼-ਵੰਡ ਤੋਂ ਪਹਿਲਾਂ ਹਕੀਕਤ ਰਾਇ ਦੀ ਸਮਾਧ ਉੱਤੇ ਲਾਹੌਰ ਵਿਚ ਬਸੰਤ ਦਾ ਇਕ ਵੱਡਾ ਮੇਲਾ ਲਗਦਾ ਹੁੰਦਾ ਸੀ ।

    ਹੋਲੀ-ਫੱਗਣ ਵਿੱਚ ਹੋਲੀ ਆਉਂਦੀ ਹੈ, ਜੋ ਕਿ ਰੰਗਾਂ ਦਾ ਤਿਉਹਾਰ ਹੈ । ਇਹ ਤਿਉਹਾਰ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ । ਕਈ ਹੋਲੀ ਦਾ ਸੰਬੰਧ ਪੁਰਾਣਿਕ ਕਾਲ ਦੇ ਪ੍ਰਹਿਲਾਦ ਭਗਤ ਦੀ ਕਥਾ ਨਾਲ ਜੋੜਦੇ ਹਨ । ਗੁਰੂ ਗੋਬਿੰਦ ਸਿੰਘ ਜੀ ਪੰਜਾਬੀਆ ਦੀਆ ਬੀਰ-ਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਹੋਲੀ ਦੇ ਦਿਨ ਆਨੰਦਪੁਰ ਸਾਹਿਬ ਵਿਚ ਇਕ ਦਰਬਾਰ ਸਜਾਇਆ ਕਰਦੇ ਸਨ, ਜਿਸ ਵਿਚ ਸੂਰਮੇ ਇਕੱਠੇ ਹੋ ਕੇ ਸਸਤਰਾਂ ਦੇ ਕਰਤੱਬ ਵਿਖਾਉਂਦੇ ਸਨ । ਹੁਣ ਵੀ ਹੋਲੇ-ਮਹੱਲੇ ਨੂੰ ਆਨੰਦਪੁਰ ਵਿਚ ਭਾਰੀ ਮੇਲਾ ਜੁੜਦਾ ਹੈ । ਤੀਆਂ-ਸਾਵਣ ਦੀ ਸੁਹਾਵਣੀ ਰੁੱਤੇ ਤੀਆਂ ਦੇ ਮੇਲੇ ਲਗਦੇ ਹਨ । ਪਿੰਡ ਦੀਆਂ ਕੁੜੀਆਂ, ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆ ਮੇਲਾ ਰਚਾ ਲੈਂਦੀਆਂ ਹਨ ।

    ਸਰਪ ਪੂਜਾ-ਪੰਜਾਬ ਦੇ ਕੁੱਝ ਮੇਲੇ, ਪ੍ਰਾਚੀਨ ਕਾਲ ਤੋਂ ਆ ਰਹੀ ਸਰਪ-ਪੂਜਾ ਦੀ ਦੇਣ ਹਨ। ਪੁਰਾਣੇ ਸਮਿਆ ਵਿਚ ਕਿਸਾਨ ਪੈਲੀ ਨੂੰ ਵਾਹੁਣ ਤੋਂ ਪਹਿਲਾਂ ਨਾਗ ਪੂਜਾ ਕਰਦੇ ਸਨ ਅਤੇ ਇਨ੍ਹੀਂ ਦਿਨੀਂ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ । ਇਨ੍ਹਾਂ ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਸੀ । ਗੁੱਗੇ ਨਾਲ ਸੰਬੰਧਿਤ ਮੇਲੇ-ਪੰਜਾਬ ਦੇ ਵਰਖਾ ਰੁੱਤ ਦੇ ਕੁੱਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਲੋਕ-ਧਾਰਾ ਅਨੁਸਾਰ ਗੁੱਗਾ ਮੂਲ ਰੂਪ ਵਿਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿਚ ਸੰਸਾਰ ਵਿਚ ਆਇਆ । ਜਾਪਦਾ ਹੈ ਕਿ ਗੁੱਗਾ ਕੋਈ ਬਹਾਦਰ ਰਾਜਪੂਤ ਯੋਧਾ ਸੀ । ਸਮੇਂ ਦੇ ਬੀਤਣ ਨਾਲ ਇਸ ਦੀ ਬੀਰ-ਗਾਥਾ ਵਿਚ ਲੋਕ-ਧਾਰਾ ਦੇ ਅਨੇਕਾਂ ਤੱਤ ਸਮਾ ਗਏ । ਹੌਲੀ-ਹੌਲੀ ਗੁੱਗੇ ਨੂੰ ਸਰਪ-ਪੂਜਾ ਨਾਲ ਜੋੜ ਲਿਆ ਗਿਆ ।

    ਛਪਾਰ ਦਾ ਮੇਲਾ-ਗੁੱਗੇ ਦੀ ਯਾਦ ਵਿਚ ਇਕ ਵੱਡਾ ਮੇਲਾ ਪਿੰਡ ਛਪਾਰ, ਜਿਲ੍ਹਾ ਲੁਧਿਆਣਾ ਵਿਚ ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇਕ ਮਾੜੀ ਹੈ, ਜਿਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1890 ਬਿਕਰਮੀ ਵਿਚ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਇਹ ਮੇਲਾ ਲਗਦਾ ਆ ਰਿਹਾ ਹੈ । ਦੇਵੀ ਮਾਤਾ ਦੇ ਮੇਲੇ-ਕੁੱਝ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲਗਦੇ ਹਨ। ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ- ਕਦੀਮ ਤੋਂ ਚਲੀ ਆ ਰਹੀ ਹੈ । ਮੁਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਤੋਂ ਕੁੱਝ ਮੂਰਤੀਆਂ ਦੇਵੀ ਮਾਤਾ ਦੀਆਂ ਵੀ ਲੱਭੀਆਂ ਹਨ । ਦੇਵੀ ਦਾ ਮੁੱਖ ਅਸਥਾਨ ਜਵਾਲਾ ਮੁਖੀ ਹੈ । ਚਿੰਤਪੁਰਨੀ, ਨੈਨਾ ਤੇ ਮਨਸਾ ਵਿਖੇ ਦੇਵੀ ਦੇ ਹੋਰ ਅਸਥਾਨ ਹਨ । ਦੇਵੀ ਨਾਲ ਸੰਬੰਧਿਤ ਮੇਲੇ ਬਹੁਤੇ ਚੇਤਰ ਤੇ ਅੱਸੂ ਵਿਚ ਨੌਰਾਤਿਆਂ ਦੇ ਦਿਨੀਂ ਲਗਦੇ ਹਨ । ਨਿੱਕੇ-ਨਿੱਕੇ ਮੇਲੇ ਤਾਂ ਕਈ ਥਾਈਂ ਜੁੜਦੇ ਹਨ, ਪਰ ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿਚ ਹਰ ਸਾਲ ਦੇਵੀ ਦੇ ਦੋ ਮੇਲੇ ਲਗਦੇ ਹਨ। ਇਸ ਤਰ੍ਹਾਂ ਚਿੰਤਪੁਰਨੀ ਵਿਖੇ ਸਾਲ ਵਿਚ ਤਿੰਨ ਭਰਵੇਂ ਮੇਲੇ ਲਗਦੇ ਹਨ ।

    ਜਰਗ ਦਾ ਮੇਲਾ-ਇਹ ਮੇਲਾ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿਚ ਸੀਤਲਾ ਦੇਵੀ ਨੂੰ ਖੁਸ਼ ਕਰਨ ਲਈ ਲਗਦਾ ਹੈ । ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੀ ਹੈ । ਜਿਨ੍ਹਾ ਮਾਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ, ਉਹ ਖ਼ਾਸ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਂਦੀਆਂ ਹਨ । ਇਹ ਮੇਲਾ ਇਕ ਟੋਭੇ ਦੁਆਲੇ ਲਗਦਾ ਹੈ । ਮਾਤਾ ਦੀ ਪੂਜਾ ਕਰਨ ਵਾਲੇ ਟੋਭੇ ਵਿੱਚੋਂ ਮਿੱਟੀ ਕੱਢ, ਇਕ ਮਟੀਲਾ ਖੜ੍ਹਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ । ਜਿਸ ਕਰਕੇ ਇਸ ਮੇਲੇ ਨੂੰ ਬਹਿੜੀਏ ਕਰ ਲੈਂਦੇ ਹਨ ਤੇ ਇਸ ਨੂੰ ਮਾਤਾ ਦਾ ਇਸ ਮੇਲੇ ਵਿਚ ਦੇਵੀ ਮਾਤਾ ਨੂੰ ਬਹਿੜੀਏ (ਬਹੇ ਗੁਲਗਲੇ) ਭੇਟ ਕੀਤੇ ਜਾਂਦੇ ਹਨ, ਦਾ ਮੇਲਾ' ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ, ਉਹ ਮੇਲੇ ਤੋਂ ਇਕ ਦਿਨ ਪਹਿਲਾਂ ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ ਪਹਿਲਾਂ ਸੀਤਲਾ ਦੇਵੀ ਦੇ ਵਾਹਣ ਖੋਤੇ ਨੂੰ ਖਵਾਉਂਦੇ ਹਨ ਤੇ ਫਿਰ ਕੁੱਝ ਵੰਡਦੇ ਤੇ ਕੁੱਝ ਆਪ ਖਾਂਦੇ ਹਨ ।

    ਇਸ ਮੇਲੇ ਵਿਚ ਖੋਤਿਆਂ ਦੀ ਕਦਰ ਹੋਣ ਕਰਕੇ ਘੁਮਿਆਰ ਆਪਣੇ ਖੋਤਿਆਂ ਨੂੰ ਸਜਾ-ਸ਼ਿੰਗਾਰ ਕੇ ਲਿਆਉਂਦੇ ਹਨ। ਪੀਰਾਂ-ਫਕੀਰਾਂ ਦੀ ਸ਼ਰਧਾ ਵਿਚ ਮੇਲੇ-ਪੰਜਾਬੀਆਂ ਦੇ ਦਿਲਾਂ ਵਿਚ ਪੀਰਾਂ-ਫ਼ਕੀਰਾਂ ਲਈ ਅਪਾਰ ਸ਼ਰਧਾ ਭਰੀ ਪਈ ਹੈ, ਜਿਸ ਕਰਕੇ ਉਨ੍ਹਾਂ ਦੀਆਂ ਖ਼ਾਨਗਾਹਾ, ਹੁਜਰਿਆ ਤੇ ਤਕੀਆਂ ਉੱਤੇ ਮੇਲੇ ਲਗਦੇ ਹਨ । ਇਹ ਮੇਲੇ ਸੁਭਾ ਵਿਚ ਭਾਵੇਂ ਧਾਰਮਿਕ ਹਨ ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਮੇਲਿਆਂ ਦਾ ਰੂਪ ਧਾਰਨ ਕਰ ਗਏ । ਜਗਰਾਵਾਂ ਦੀ ਰੋਸ਼ਨੀ-ਰੌਸ਼ਨੀ ਦਾ ਮੇਲਾ, ਜਗਰਾਵਾਂ ਵਿੱਚ ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ (ਮੋਹਕਮ ਦੀਨ)* ਦੀ ਕਬਰ ਉੱਤੇ ਹਰ ਸਾਲ 14, 15 ਤੇ 16 ਫੱਗਣ ਨੂੰ ਲਗਦਾ ਹੈ । ਭਾਵੇਂ ਇਹ ਮੇਲਾ ਮੁਸਲਮਾਨੀ ਮੂਲ ਦਾ ਹੈ, ਪਰ ਇਲਾਕੇ ਦੇ ਹਿੰਦੂ-ਸਿੱਖ ਵੀ ਇਸ ਮੇਲੇ ਵਿਚ ਹੁੰਮ-ਹੁਮਾ ਕੇ ਸ਼ਾਮਲ ਹੁੰਦੇ ਹਨ । ਦੇਸ਼ ਦੀ ਵੰਡ ਪਿੱਛੋਂ ਮੁਸਲਮਾਨਾਂ ਦੇ ਪੰਜਾਬ ਵਿੱਚੋਂ ਹਿਜਰਤ ਕਰ ਜਾਣ ਮਗਰੋਂ ਵੀ ਇਹ ਮੇਲਾ ਪਹਿਲਾਂ ਵਾਂਗ ਹੀ ਲੱਗ ਰਿਹਾ ਹੈ । ਇਸ ਮੇਲੇ ਦਾ ਨਾਉਂ ਰੋਸ਼ਨੀ ਇਸ ਕਰਕੇ ਪਿਆ ਕਿਉਂਕਿ ਮੇਲੇ ਦੇ ਦਿਨੀਂ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ, ਜਿਨ੍ਹਾਂ ਦੀ ਰੋਸਨੀ ਅਲੋਕਿਕ ਦ੍ਰਿਸ ਪੇਸ਼ ਕਰਦੀ ਹੈ।

    ਹੈਦਰ ਸ਼ੇਖ ਦਾ ਮੇਲਾ-ਮਲੇਰਕੋਟਲੇ ਵਿੱਚ ਹੈਦਰ ਸ਼ੇਖ ਦੇ ਮਕਬਰੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਭਾਰੀ ਮੇਲਾ ਲਗਦਾ ਹੈ । ਮਲੇਰਕੋਟਲੇ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਇੱਕ ਹੋਰ ਮੇਲਾ ਲਗਦਾ ਹੈ, ਜਿਸ ਨੂੰ 'ਨਿਗਾਹਾ ਮੇਲਾ' ਆਖਦੇ ਹਨ । ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਮੇਲੇ-ਪੰਜਾਬ ਦੀ ਚੱਪਾ-ਚੱਪਾ ਧਰਤੀ ਗੁਰੂਆਂ ਦੇ ਜੀਵਨ ਦੇ ਕਿਸੇ ਨਾ ਕਿਸੇ ਪ੍ਰਸੰਗ ਨਾਲ ਜੁੜੀ ਹੋਈ ਹੈ । ਗੁਰੂਆ ਦੇ ਪਾਵਨ ਸਥਾਨਾਂ ਉੱਤੇ ਖ਼ਾਸ-ਖਾਸ ਤਿੱਥਾਂ ਨੂੰ ਮੇਲੇ ਲਗਦੇ ਰਹਿੰਦੇ ਹਨ । ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲਗਦਾ ਹੁੰਦਾ ਸੀ । ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ ਵਿੱਚ 'ਜੋੜ-ਮੇਲੇ' ਦਾ ਮੇਲਾ ਲਗਦਾ ਹੁੰਦਾ ਸੀ । ਭਾਰਤੀ ਪੰਜਾਬ ਵਿਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਵਿਖੇ ਗੁਰੂ ਸਾਹਿਬ ਦੀ ਯਾਦ ਵਿਚ ਮੇਲੇ ਲਗਦੇ ਹਨ, ਜਿਨ੍ਹਾਂ ਵਿਚੋਂ ਦੋ-ਤਿੰਨ ਖ਼ਾਸ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕਰਨਾ ਜਰੂਰੀ ਹੈ ।

    ਮੁਕਤਸਰ ਦਾ ਮੇਲਾ-ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਚ ਲਗਦਾ ਹੈ । ਇਸ ਦਾ ਸੰਬੰਧ 1705 ਈ: ਦੀ ਉਸ
    ਇਤਿਹਾਸਿਕ ਘਟਨਾ ਨਾਲ ਹੈ, ਜਦੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫ਼ੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿਚ ਆਈਆਂ. ਤਾਂ ਸਿੰਘਾਂ ਨੇ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਦੇ ਕੰਢੇ ਉਨ੍ਹਾਂ ਦਾ ਮੁਕਾਬਲਾ ਕੀਤਾ । ਇਸੇ ਯੁੱਧ ਵਿਚ ਚਾਲੀ ਸਿੰਘ, ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਗੰਢ ਲਈ । ਗੁਰੂ ਜੀ ਨੇ ਇਨ੍ਹਾਂ ਸਹੀਦ ਸਿੰਘਾਂ ਨੂੰ 'ਮੁਕਤੇ' ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ। ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁਮਾ ਕੇ ਇੱਥੇ ਆਉਂਦੀਆਂ ਹਨ ਅਤੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ ।

    ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ-ਹੋਲੀ ਤੋਂ ਅਗਲੇ ਦਿਨ, ਚੇਤ ਵਦੀ ਪਹਿਲੀ ਨੂੰ, ਆਨੰਦਪੁਰ ਸਾਹਿਬ ਵਿਚ ਸ੍ਰੀ ਕੇਸਗੜ੍ਹ ਵਿਖੇ ਇੱਕ ਭਾਰੀ ਮੇਲਾ ਭਰਦਾ ਹੈ, ਜਿਸ ਨੂੰ 'ਹੋਲਾ-ਮਹੱਲਾ' ਕਿਹਾ ਜਾਂਦਾ ਹੈ । ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਸ਼ਸਤਰ-ਵਿੱਦਿਆ ਵਿਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਉਂਦੇ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ਦੇ ਸਨ । ਉਦੋਂ ਤੋਂ ਹਰ ਸਾਲ ਆਨੰਦਪੁਰ ਸਾਹਿਬ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ-ਮਹੱਲਾ ਮਨਾਇਆ ਜਾਣ ਲੱਗਾ| ਤਰਨ ਤਾਰਨ ਦੀ ਮੱਸਿਆ-ਤਰਨ ਤਾਰਨ ਵਿਖੇ ਉਂਞ ਤਾਂ ਹਰ ਮੱਸਿਆ ਨੂੰ ਹੀ ਮੇਲਾ ਲਗਦਾ ਹੈ ਪਰ ਭਾਦੋਂ ਦੀ ਮੱਸਿਆ ਨੂੰ ਇਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ । ਲੋਕੀਂ ਦੂਰੋਂ-ਦੂਰੋਂ ਹੁੰਮ-ਹੁਮਾ ਕੇ ਇਸ ਮੇਲੇ ਵਿਚ ਆਉਂਦੇ ਹਨ ।

    ਹੋਰ ਜੋੜ ਮੇਲੇ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਸਥਾਨਾਂ 'ਤੇ ਵੀ ਮੋਰਿੰਡਾ, ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਵੱਡੇ ਜੋੜ-ਮੇਲੇ ਲਗਦੇ ਹਨ । ਪੰਜਾਬੀਆਂ ਦਾ ਆਪਣੇ ਮਹਿਬੂਬ ਪ੍ਰੇਮੀਆਂ ਤੇ ਕਵੀਆਂ ਪ੍ਰਤੀ ਵੀ ਸਨੇਹ ਤੇ ਸਰਧਾ ਹੈ । ਲਾਹੌਰ ਵਿਚ ਹਰ ਸਾਲ ਦੇ ਮੇਲੇ ਸਾਹ ਹੁਸੈਨ ਦੀ ਮਜ਼ਾਰ ਉੱਤੇ ਲਗਦੇ ਹਨ । ਹੀਰ ਦੀ ਯਾਦ ਵਿਚ ਉਸ ਦੀ ਕਬਰ ਉੱਤੇ ਝੰਗ ਵਿਚ ਇੱਕ ਮੇਲਾ ਲਗਦਾ ਹੈ । ਤਿਉਹਾਰ-ਪੰਜਾਬ ਵਿਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਤੁਰਿਆ ਰਹਿੰਦਾ ਹੈ । ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪੁਰਬ ਏਕਾਦਸੀ, ਪੂਰਨਮਾਸ਼ੀ ਤੇ ਮੱਸਿਆ ਤੇ ਹਰ ਮਹੀਨੇ ਆਉਂਦੀ ਸੰਗਰਾਂਦ ਪੰਜਾਬ ਦੇ ਤਿਉਹਾਰ ਹੀ ਹਨ ।

    ਨਵਾਂ ਸੰਮਤ-ਪੰਜਾਬ ਵਿਚ ਚੇਤਰ ਦੀ ਏਕਮ ਨੂੰ 'ਨਵਾਂ ਸੰਮਤ' ਮਨਾਇਆ ਜਾਂਦਾ ਹੈ । ਇਸ ਰੁੱਤ ਵਿਚ ਬਹਾਰ ਭਰ ਜੋਬਨ ਵਿਚ ਹੁੰਦੀ ਹੈ । ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾ ਭੁੰਨ ਕੇ ਖਾਧੀਆਂ ਜਾਂਦੀਆ ਹਨ । ਇਸ ਰੀਤ ਨੂੰ 'ਅੰਨ ਨਵਾਂ ਕਰਨਾ ਕਹਿੰਦੇ ਹਨ । ਦੇਵੀ ਪੂਜਾ-ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਕਰਦੇ ਹਨ । ਇਸ ਦਿਨ ਪੰਜ-ਕੁਆਰੀਆਂ ਕੁੜੀਆਂ, ਜਿਨ੍ਹਾਂ ਨੂੰ ਕੰਜਕਾਂ ਕਹਿੰਦੇ ਹਨ, ਨੂੰ ਦੇਵੀ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਕੜਾਹ-ਪੂੜੀਆਂ ਖੁਆ ਕੇ ਕੁੱਝ ਪੈਸੇ ਦੱਛਣਾ ਵਜੋਂ ਭੇਟ ਕੀਤੇ ਜਾਂਦੇ ਹਨ ।

    ਰਾਮ ਨੌਵੀਂ--ਚੇਤਰ ਸੁਦੀ ਨੇਂ ਨੂੰ ਰਾਮ-ਨੌਵੀਂ ਦਾ ਤਿਉਹਾਰ ਹੁੰਦਾ ਹੈ । ਇਸ ਤਿਥ ਨੂੰ ਸ੍ਰੀ ਰਾਮ ਚੰਦਰ ਜੀ ਨੇ ਜਨਮ ਲਿਆ ਸੀ । ਰਾਮ ਨੌਵੀਂ ਨੂੰ ਮੰਦਰਾਂ ਵਿਚ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿਚ ਭਜਨ ਗਾਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ । ਤੀਆਂ-ਸਾਵਣ ਦੇ ਮੀਹਾਂ ਦੀ ਰੁੱਤ ਦਾ ਰਸ ਤੇ ਸਵਰਗੀ ਝੂਟਾ ਮਾਣਨ ਲਈ ਸਾਵਣ ਦੀ ਤੀਜੀ ਤਿਥ ਨੂੰ ਤੀਆਂ ਮਨਾਈਆਂ ਜਾਦੀਆਂ ਹਨ । ਇਹ ਤਿਉਹਾਰ ਸਾਵਣ ਦੀ ਤੀਜੀ ਤਿੱਥ ਤੋਂ ਪੂਰਨਮਾਸੀ ਤਕ ਚਲਦਾ ਹੈ ।

    ਰੱਖੜੀ-ਰੱਖੜੀ ਦਾ ਤਿਉਹਾਰ ਸਾਵਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ । ਇਹ ਤਿਉਹਾਰ ਭੈਣ-ਭਰਾ ਦੇ ਨਿਰਮਲ ਪਿਆਰ ਤੇ ਇੱਕ-ਦੂਜੇ ਪ੍ਰਤੀ ਨਿਰਛਲ ਭਾਵਨਾਵਾਂ ਦਾ ਬੋਧਕ ਹੈ । ਭੈਣਾ ਬੜੇ ਚਾਅ ਨਾਲ ਭਰਾਵਾਂ ਦੀ ਵੀਣੀ 'ਤੇ ਰੱਖੜੀ ਦਾ ਸੂਤਰ ਬੰਨ੍ਹਦੀਆਂ ਹਨ । ਗੁੱਗਾ ਨੌਵੀਂ-ਭਾਦਰੋਂ ਦੇ ਮਹੀਨੇ ਗੁੱਗਾ ਨੌਵੀਂ ਦਾ ਤਿਉਹਾਰ ਆਉਂਦਾ ਹੈ। ਗੁੱਗੇ ਦੇ ਭਗਤ ਗੁੱਗੇ ਨੂੰ ਪ੍ਰਸੰਨ ਕਰਨ ਲਈ ਸੰਪਾ ਦੀਆਂ ਖੁੱਡਾਂ ਵਿਚ ਕੱਚੀ ਲੱਸੀ ਪਾਉਂਦੇ ਹਨ । ਘਰਾਂ ਵਿਚ ਮਿੱਠੀਆਂ ਸੇਵੀਆਂ ਰਿੰਨੀਆਂ ਜਾਂਦੀਆਂ ਹਨ ।

    ਜਨਮ-ਅਸ਼ਟਮੀ-ਭਾਦਰੋਂ ਦੀ ਕ੍ਰਿਸ਼ਨ-ਪੱਖ ਦੀ ਅੱਠਵੀਂ ਨੂੰ 'ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਸ੍ਰੀ ਕ੍ਰਿਸ਼ਨ ਜੀ ਨੇ ਜਨਮ ਧਾਰਿਆ ਸੀ । ਸਰਾਧ-ਅੱਸੂ ਦੇ ਮਹੀਨੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਰਾਧ ਕੀਤੇ ਜਾਂਦੇ ਹਨ । ਸਰਾਧ ਇਕ ਧਾਰਮਿਕ ਰੀਤ ਹੈ. ਜਿਸ ਦਾ ਮਨੋਰਥ ਪਿੱਤਰਾਂ ਨੂੰ ਅਗਲੇ ਲੋਕ ਵਿਚ ਭੋਜਨ ਪੁਚਾਉਣਾ ਹੈ ।

    ਨੌਰਾਤੇ-ਸਰਾਧਾ ਦੇ ਖਤਮ ਹੁੰਦਿਆਂ ਹੀ ਨੇਰਾਤੇ ਸ਼ੁਰੂ ਹੋ ਜਾਂਦੇ ਹਨ, ਜੇ ਅੱਸੂ ਮਹੀਨੇ ਦੇ ਚਾਨਣ-ਪੱਖ ਦੀ ਏਕਮ ਤੋਂ ਨਵੀਂ ਤਿੱਥ ਤਕ ਰਹਿੰਦੇ ਹਨ । ਇਨ੍ਹਾਂ ਤਿੱਥਾਂ ਵਿਚ ਮਾਤਾ ਗਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ । ਇਹ ਤਿੱਥਾ ਮੰਗਲ ਕਾਰਜਾ ਲਈ ਬੜੀਆਂ ਸੁੱਭ ਮੰਨੀਆਂ ਜਾਂਦੀਆ ਹਨ। ਗੋਰਜਾਂ ਦੀ ਖੇਤੀ-ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿਚ ਜੋ ਬੀਜਦੀਆਂ ਹਨ, ਜਿਸ ਨੂੰ 'ਖੇਤਰੀ' ਜਾਂ 'ਗੌਰਜਾ ਦੀ ਖੇਤੀ ਕਿਹਾ ਜਾਂਦਾ ਹੈ । ਦੁਸਹਿਰੇ ਵਾਲੇ ਦਿਨ ਤਕ ਇਸ ਖੇਤਰੀ ਵਿੱਚੋਂ ਜੋਆਂ ਦੇ ਬੁੱਬਲ ਨਿਕਲ ਆਉਂਦੇ ਹਨ ਤੇ ਕੁੜੀਆ ਇਨ੍ਹਾ ਬੁਬਲਾਂ ਨੂੰ ਆਪਣੇ ਅੰਗਾਂ-ਸਾਕਾਂ ਦੀਆਂ ਪੱਗਾਂ ਵਿੱਚ ਟੰਗਦੀਆਂ ਤੇ ਉਨ੍ਹਾਂ ਤੋਂ ਸਗਨ ਵਜੇ ਭੇਟਾ ਲੈਂਦੀਆਂ ਹਨ।

    ਸਾਂਝੀ ਦੇਵੀ ਦੀ ਪੂਜਾ--ਸਾਥੀ ਦੇਵੀ ਦੀ ਪੂਜਾ ਕਰਨ ਲਈ ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ । ਉਸ ਨੂੰ ਫੁੱਲਾ ਕੰਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸਿੰਗਾਰਿਆ ਜਾਂਦਾ ਹੈ । ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਦਾ ਹੈ । ਕਈ ਘਰਾਂ ਵਿਚ ਸਾਥੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ । ਦੁਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ-ਨਾਲੇ ਵਿਚ ਜਲ- ਪ੍ਰਵਾਹ ਕਰ ਦਿੱਤਾ ਜਾਦਾ ਹੈ ।

    ਰਾਮ-ਲੀਲ੍ਹਾ ਤੇ ਦੁਸਹਿਰਾ-ਨੌਰਾਤਿਆਂ ਵਿਚ ਹੀ ਕਸਬਿਆਂ ਤੇ ਸ਼ਹਿਰਾਂ ਵਿਚ ਰਾਮ-ਲੀਲ੍ਹਾ ਖੇਡੀ ਜਾਂਦੀ ਹੈ । ਦਸਵੇਂ ਨੌਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ-ਕੱਤਕ ਦੀ ਪੂਰਨਮਾਸ਼ੀ ਨੂੰ ਉਤਸਵ, ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਸਾਰੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਕਰਵਾ ਚੌਥ-ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ 'ਕਰਵਾ ਚੌਥ' ਦਾ ਪੁਰਬ ਆਉਂਦਾ ਹੈ । ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰੱਖ ਕੇ ਆਪਣੇ-ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਤੇ ਅਹੋਈ ਦੇਵੀ ਦੀ ਪੂਜਾ ਕਰਦੀਆਂ ਹਨ । ਦੀਵਾਲੀ-ਕੱਤਕ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿਚ ਮਨਾਇਆ ਜਾਦਾ ਹੈ। ਲੋਕੀਂ ਆਪਣੇ ਘਰਾਂ ਨੂੰ ਲਿੱਪ-ਪੋਚ ਕੇ ਸ਼ਿੰਗਾਰ ਲੈਂਦੇ ਹਨ । ਲੋਕੀਂ ਘਰ ਦੀਆਂ ਦੀਵਾਰਾਂ ਉੱਤੇ ਲੱਛਮੀ ਦੇਵੀ, ਉਸ ਦਾ ਵਾਹਣ ਮੋਰ ਅਤੇ ਫੁੱਲ, ਵੇਲਾ ਤੇ ਬੂਟੇ ਉਲੀਕ ਕੇ ਉਨ੍ਹਾਂ ਵਿਚ ਰੰਗ ਭਰਦੇ ਹਨ । ਰਾਤ ਸਮੇਂ ਘਰਾਂ ਦੇ ਅੰਦਰ-ਬਾਹਰ ਤੇ ਬਨੇਰਿਆ ਉੱਤੇ ਦੀਵਿਆਂ ਨੂੰ ਪਾਲਾਂ ਵਿਚ ਸਜਾ ਕੇ ਬਾਲਿਆ ਜਾਂਦਾ ਹੈ । ਇਸ ਰਾਤ ਕਈ ਲੋਕ ਲੱਛਮੀ ਦੇਵੀ ਦੀ ਪੂਜਾ ਕਰਦੇ ਹਨ।

    ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਜਲੋ ਵੇਖਣ ਵਾਲਾ ਹੁੰਦਾ ਹੈ । ਅੰਮ੍ਰਿਤਸਰ ਵਿਚ ਦੀਵਾਲੀ ਦਾ ਮੁੱਢ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਇੱਥੇ ਪੁੱਜਣ ਦੇ ਦਿਨ ਤੋਂ ਬੱਝਾ । ਮਿਥਿਹਾਸ ਅਨੁਸਾਰ ਸ੍ਰੀ ਰਾਮ ਚੰਦਰ ਜੀ ਦੇ ਰਾਵਣ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਜੀ ਨੂੰ ਨਾਲ ਲੈ ਕੇ ਅਯੁਧਿਆ ਪਰਤਣ ਦੇ ਦਿਨ ਤੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਲੋਹੜੀ-ਪੋਹ ਦੇ ਮਹੀਨੇ ਦੇ ਅੰਤਮ ਦਿਨ ਲੋਹੜੀ ਮਨਾਈ ਜਾਂਦੀ ਹੈ । ਲੋਹੜੀ ਤੋਂ ਕੁੱਝ ਦਿਨ ਪਹਿਲਾਂ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਸੁਰੀਲੀ ਲੈ ਵਿੱਚ ਗੀਤ ਅਲਾਪਦੇ ਹੋਏ ਲੋਹੜੀ ਲਈ ਲੱਕੜਾਂ ਤੇ ਗੋਹੇ ਆਦਿ ਇਕੱਠੇ ਕਰਦੇ ਹਨ । ਲੋਹੜੀ ਵਾਲੀ ਰਾਤ ਉਞ ਤਾਂ ਹਰ ਗਲੀ-ਮੁਹੱਲੇ ਵਿਚ ਹੀ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਮੁੰਡਾ ਜੰਮਿਆ ਹੋਵੇ ਜਾ ਨਵਾਂ- ਨਵਾ ਵਿਆਹ ਹੋਇਆ ਹੋਵੇ, ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਤੇ ਗਲੀ-ਮੁਹੱਲੇ ਵਿਚ ਗੁੜ ਤੇ ਚਿੜਵੇ- ਰਿਉੜੀਆਂ ਵੰਡਦੇ ਹਨ । ਮਕਰ ਸੰਕ੍ਰਾਂਤੀ ਤੇ ਸ਼ਿਵਰਾਤਰੀ-ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ 'ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ । ਮੁਕਤਸਰ ਦਾ ਪ੍ਰਸਿੱਧ ਮੇਲਾ ਮਾਘੀ ਨੂੰ ਹੀ ਲਗਦਾ ਹੈ । ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਆਉਂਦਾ ਹੈ । ਇਸ ਪ੍ਰਕਾਰ ਪੰਜਾਬ ਵਿਚ ਮੇਲਿਆਂ ਅਤੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਤੁਰਦਾ ਰਹਿੰਦਾ ਹੈ । PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ

    ਪ੍ਰਸ਼ਨ 2. 'ਪੰਜਾਬ ਦੇ ਮੇਲੇ ਤੇ ਤਿਉਹਾਰ' ਪਾਠ ਦਾ ਸੰਖੇਪ-ਸਾਰ ਲਿਖੋ ।

    ਉੱਤਰ- ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਤ ਹੁੰਦੀ ਹੈ । ਮੇਲੇ ਮੇਲ- ਜੋਲ ਦਾ ਸਾਧਨ ਹੋਣ ਤੋਂ ਇਲਾਵਾ ਧਾਰਮਿਕ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ। ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਇਆ ਹੋਇਆ ਹੈ । ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਜਿੱਥੇ ਚਾਰ-ਛੇ ਪੰਜਾਬੀ ਇਕੱਠੇ ਹੋ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ । ਮੇਲਾ ਇਕ ਅਜਿਹਾ ਇਕੱਠ ਹੈ, ਜਿਸ ਵਿਚ ਸਾਰੇ ਲਾੜੇ ਹੁੰਦੇ ਹਨ, ਪਰ ਬਰਾਤੀ ਕੋਈ ਵੀ ਨਹੀਂ ਹੁੰਦਾ । ਪੰਜਾਬ ਦੇ ਹਰ ਮੇਲੇ ਦਾ ਆਪਣਾ ਰੰਗ ਤੇ ਚਰਿੱਤਰ ਹੈ । ਪੰਜਾਬੀ ਹਰ ਪੁਰਬ ਅਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਖ਼ਰੀਦਦੇ ਹਨ । ਇਸ ਕਰਕੇ ਹਰ ਮੇਲੇ ਵਿਚ ਇਕ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ, ਸਿੰਗਾਰ ਤੇ ਦਿਲ-ਪਰਚਾਵੇ ਲਈ ਭਾਂਤ-ਭਾਂਤ ਦੀਆਂ ਚੀਜ਼ਾਂ ਮਿਲਦੀਆਂ ਹਨ।

    ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਤੇ ਤਿਉਹਾਰਾਂ ਨਾਲ ਜੁੜੇ ਹੋਏ ਹਨ । ਮੌਸਮੀ ਮੇਲਿਆਂ ਵਿਚੋਂ ਮਾਘ ਸੁਦੀ ਪੰਜ ਨੂੰ ਬਸੰਤ ਦਾ ਮੇਲਾ ਥਾ-ਥਾਂ ਲਗਦਾ ਹੈ । ਛੇਹਰਟੇ ਤੇ ਪਟਿਆਲੇ ਦੇ ਬਸੰਤ ਪੰਚਮੀ ਦੇ ਮੇਲੇ ਪ੍ਰਸਿੱਧ ਹਨ । ਵੰਡ ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਇ ਧਰਮੀ ਦੀ ਸਮਾਧ 'ਤੇ ਬਸੰਤ-ਪੰਚਮੀ ਨੂੰ ਭਾਰੀ ਮੇਲਾ ਲਗਦਾ ਸੀ । ਫੱਗਣ ਵਿਚ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ, ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਵਿਚ ਸੂਰਮਗਤੀ ਦੇ ਭਾਵ ਪ੍ਰਚੰਡ ਕਰਨ ਲਈ ਹੋਲੇ ਦਾ ਤਿਉਹਾਰ ਜੋੜਿਆ । ਇਸ ਸੰਬੰਧੀ ਆਨੰਦਪੁਰ ਸਾਹਿਬ ਵਿਚ ਭਾਰੀ ਮੇਲਾ ਲਗਦਾ ਹੈ । ਸਾਵਣ ਦੇ ਮਹੀਨੇ ਵਿਚ ਤੀਆਂ ਦੇ ਮੇਲੇ ਲਗਦੇ ਹਨ । ਸਰਪ-ਪੂਜਾ ਨਾਲ ਸੰਬੰਧਿਤ ਮੇਲੇ ਵੀ ਲਗਦੇ ਹਨ । ਗੁੱਗੇ ਦੀ ਪੂਜਾ ਨਾਲ ਸੰਬੰਧਿਤ ਮੇਲੇ ਸਰਪ-ਪੂਜਾ ਦਾ ਹੀ ਸੁਧਰਿਆ ਰੂਪ ਹੈ । ਇਸ ਸੰਬੰਧੀ ਭਾਦਰੋਂ ਸੁਦੀ ਚੌਦਾਂ ਨੂੰ ਛਪਾਰ ਦਾ ਪ੍ਰਸਿੱਧ ਮੇਲਾ ਲਗਦਾ ਹੈ ।

    ਦੇਵੀ ਮਾਤਾ ਨੂੰ ਖੁਸ਼ ਕਰਨ ਵਾਲੇ ਮੇਲੇ ਵੀ ਪੰਜਾਬ ਵਿਚ ਥਾਂ-ਥਾਂ ਲਗਦੇ ਹਨ । ਇਹ ਚੇਤਰ ਤੇ ਅੱਸੂ ਦੇ ਨਰਾਤਿਆਂ ਵਿਚ ਲਗਦੇ ਹਨ । ਜਵਾਲਾਮੁਖੀ, ਚਿੰਤਪੁਰਨੀ, ਮਨਸਾ ਦੇਵੀ ਤੇ ਨੈਨਾ ਦੇਵੀ ਇਨ੍ਹਾਂ ਮੇਲਿਆ ਦੇ ਪ੍ਰਸਿੱਧ ਸਥਾਨ ਹਨ । ਜਰਗ ਦਾ ਮੇਲਾ ਚੇਚਕ ਤੋਂ ਬਚਣ ਲਈ ਸੀਤਲਾ ਦੇਵੀ ਨੂੰ ਖੁਸ਼ ਕਰਨ ਲਈ ਚੇਤਰ ਦੇ ਪਹਿਲੇ ਮੰਗਲਵਾਰ ਨੂੰ ਲਗਦਾ ਹੈ । ਇੱਥੇ ਮਾਤਾ ਦੇ ਵਾਹਣ ਖੋਤੇ ਨੂੰ ਬੇਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ, ਜਿਸ ਕਰਕੇ ਇਸ ਨੂੰ 'ਬਹਿੜੀਏ ਦਾ ਮੇਲਾ ਵੀ ਕਹਿੰਦੇ ਹਨ । ਇਨ੍ਹਾਂ ਤੋਂ ਬਿਨਾ ਮੁਸਲਮਾਨ ਪੀਰਾ, ਫ਼ਕੀਰਾਂ ਦਿਆਂ ਮਕਬਰਿਆ, ਹੁਜ਼ਰਿਆਂ ਤੇ ਤਕੀਆਂ ਉੱਤੇ ਵੀ ਮੇਲੇ ਲਗਦੇ ਹਨ, ਜਿਨ੍ਹਾਂ ਵਿਚ ਸਭ ਧਰਮਾਂ ਦੇ ਲੋਕ ਹਿੱਸਾ ਲੈਂਦੇ ਹਨ । ਜਗਰਾਵਾਂ ਦੀ ਰੋਸਨੀ ਅਜਿਹਾ ਹੀ ਇਕ ਮੇਲਾ ਹੈ, ਜਿਹੜਾ ਸੂਫ਼ੀ ਫ਼ਕੀਰ ਮੋਹਕਮ ਦੀਨ ਦੀ ਕਬਰ ਉੱਤੇ 14, 15 ਅਤੇ 16 ਫੱਗਣ ਨੂੰ ਲਗਦਾ ਹੈ । ਇੱਥੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ, ਜਿਸ ਕਰਕੇ ਇਸ ਨੂੰ 'ਰੋਸ਼ਨੀ' ਵੀ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਮਲੇਰਕੋਟਲੇ ਵਿਚ ਨਿਮਾਣੀ ਇਕਾਦਸੀ ਨੂੰ ਹੈਦਰ ਸ਼ੇਖ ਦਾ ਤੇ ਪੋਹ ਦੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਇਕ ਮੇਲਾ ਲਗਦਾ ਹੈ ।

    ਪੰਜਾਬ ਦੀ ਧਰਤੀ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੋਣ ਕਰਕੇ ਬਹੁਤ ਸਾਰੇ ਮੇਲੇ ਗੁਰੂ ਸਾਹਿਬਾਂ ਨਾਲ ਵੀ ਸੰਬੰਧਿਤ ਹਨ । ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਖੇ, ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਤੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੌਕੇ ਤੇ ਡੇਰਾ ਸਾਹਿਬ ਲਾਹੌਰ ਵਿਚ ਭਾਰੀ ਮੇਲਾ ਲਗਦਾ ਸੀ । ਭਾਰਤੀ ਪੰਜਾਬ ਵਿਚ ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਵਿਚ ਗੁਰੂ ਸਾਹਿਬਾਂ ਦੀ ਯਾਦ ਵਿਚ ਮੇਲੇ ਲਗਦੇ ਹਨ । ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿਚ ਮੁਕਤਸਰ ਵਿਖੇ, ਚੇਤ ਦੀ ਪਹਿਲੀ ਨੂੰ ਆਨੰਦਪੁਰ ਸਾਹਿਬ ਵਿਖੇ

    ਹੋਲੇ-ਮਹੱਲੇ ਦਾ ਤਰਨਤਾਰਨ ਵਿਖੇ ਹਰ ਮੱਸਿਆ ਤੇ ਖ਼ਾਸਕਰ ਭਾਦੋਂ ਦੀ ਮੱਸਿਆ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਮੋਰਿੰਡਾ, ਫ਼ਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿਖੇ ਮੇਲੇ ਲਗਦੇ ਹਨ । ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਵਿਚ ਹੀਰ ਦੀ ਕਬਰ ਉੱਤੇ ਵੀ ਮੇਲਾ ਲਗਦਾ ਹੈ । ਪੰਜਾਬ ਵਿਚ ਤਿਉਹਾਰਾਂ ਦੀ ਲੜੀ ਵੀ ਲਗਾਤਾਰ ਚਲਦੀ ਰਹਿੰਦੀ ਹੈ । ਇੱਥੇ ਹਰ ਪੂਰਨਮਾਸ਼ੀ ਮੱਸਿਆ ਤੇ ਸੰਗਰਾਦ ਇਕ ਪ੍ਰਕਾਰ ਦਾ ਤਿਉਹਾਰ ਹੀ ਹੁੰਦੀ ਹੈ । ਚੇਤ ਦੀ ਏਕਮ ਨੂੰ 'ਨਵਾਂ ਸੰਮਤ ਮਨਾਇਆ ਜਾਂਦਾ ਹੈ । ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਬਿਠਾਉਂਦੇ ਹਨ । ਚੇਤਰ ਵਿਚ ਹੀ ਰਾਮ ਨੌਵੀਂ ਦਾ ਤਿਉਹਾਰ ਹੁੰਦਾ ਹੈ । ਸਾਵਣ ਵਿਚ ਤੀਆ ਲਗਦੀਆ ਹਨ । ਰੱਖੜੀ ਦਾ ਤਿਉਹਾਰ ਵੀ ਇਸੇ ਮਹੀਨੇ ਵਿਚ ਹੀ ਆਉਂਦਾ ਹੈ । ਭਾਦਰੋਂ ਵਿਚ ਗੁੱਗਾ ਨੌਵੀਂ ਤੋਂ ਪਿੱਛੋਂ ਜਨਮ ਅਸ਼ਟਮੀ ਮਨਾਈ ਜਾਂਦੀ ਹੈ । ਅੱਸੂ ਦੇ ਹਨੇਰੇ ਪੱਖ ਵਿਚ ਸਰਾਧ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿਚ ਪਿੱਤਰਾਂ ਨਮਿੱਤ ਭੋਜਨ ਕੀਤਾ ਜਾਂਦਾ ਹੈ । ਸਰਾਧ ਖ਼ਤਮ ਹੁੰਦਿਆਂ ਹੀ ਨੌਰਾਤੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿਚ ਮਾਤਾ ਗੋਰਜਾ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਦੀ ਹੈ । ਇਨ੍ਹਾਂ ਦਿਨਾ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਰਾਮ-ਲੀਲ੍ਹਾ ਹੁੰਦੀ ਹੈ ਤੇ ਦਸਵੇਂ ਨੌਰਾਤੇ 'ਤੇ ਦੁਸਹਿਰਾ ਮਨਾਇਆ ਜਾਂਦਾ ਹੈ ।

    ਕੱਤਕ ਦੀ ਮੱਸਿਆ ਨੂੰ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਆਉਂਦਾ ਹੈ । ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਪ੍ਰਸਿੱਧ । ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਨ ਮਨਾਇਆ ਜਾਂਦਾ ਹੈ । ਪੋਹ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ । ਲੋਹੜੀ ਤੋਂ ਪਹਿਲਾਂ ਹੀ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਗੀਤ ਗਾਉਂਦੇ ਹੋਏ ਘਰਾ ਵਿਚੋਂ ਲੋਹੜੀ ਮੰਗਦੇ ਹਨ । ਲੋਹੜੀ ਦੀ ਰਾਤ ਨੂੰ ਉਨ੍ਹਾਂ ਘਰਾਂ ਵਿਚ ਬਹੁਤ ਰੌਣਕ ਹੁੰਦੀ ਹੈ. ਜਿੱਥੇ ਬੀਤੇ ਸਾਲ ਵਿਚ ਮੁੰਡਾ ਜੰਮਿਆ ਹੋਵੇ ਜਾਂ ਨਵਾਂ-ਨਵਾਂ ਵਿਆਹ ਹੋਇਆ ਹੋਵੇ । ਲੋਹੜੀ ਤੋਂ ਅਗਲੇ ਦਿਨ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੁੰਦਾ ਹੈ, ਜਿਸ ਨੂੰ 'ਮਾਘੀ ਵੀ ਕਹਿੰਦੇ ਹਨ । ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਪ੍ਰਕਾਰ ਪੰਜਾਬ ਵਿਚ ਮੇਲਿਆ ਤੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਚਲਦਾ ਰਹਿੰਦਾ ਹੈ ।

    SHORT ANSWER TYPE QUESTIONS

    ਪ੍ਰਸ਼ਨ 1. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ ?

    ਉੱਤਰ- ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਮੇਲਿਆਂ ਵਿਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਤ ਹੁੰਦੀ ਹੈ । ਮੇਲਿਆਂ ਵਿਚ ਜਾਤੀ ਪੂਰੀ ਖੁੱਲ੍ਹ ਮਾਣਦੀ ਹੈ, ਲੋਕ-ਪ੍ਰਤਿਭਾ ਨਿੱਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮੇਲੇ ਮਨ-ਪਰਚਾਵੇ ਤੇ ਸਮੂਹਿਕ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਤੋਂ ਇਲਾਵਾ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ । ਇਨ੍ਹਾਂ ਵਿਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਹੈ ਤੇ ਇਕ-ਸੁਰ ਹੋ ਕੇ ਗੂੰਜਦਾ ਹੈ ।

    ਪ੍ਰਸ਼ਨ 2. ''ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਇਆ ਹੋਇਆ ਹੈ ।' ਦੱਸੇ ਕਿਵੇਂ ?

    ਉੱਤਰ- ਇਹ ਗੱਲ ਠੀਕ ਹੈ ਕਿ ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ । ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਇਸੇ ਕਰਕੇ ਦੂਜੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਦੁਨੀਆ ਵਿਚ ਆਏ ਹੀ ਮੇਲਾ ਮਨਾਉਣ ਲਈ ਹਨ । ਜਿੱਥੇ ਸੱਤ-ਅੱਠ ਪੰਜਾਬੀ ਇਕੱਠੇ ਹੋ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ, ਪਰ ਜਦੋਂ ਸਚਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੁੰਦਾ ਹੈ, ਤਾਂ ਪੰਜਾਬੀਆਂ ਦਾ ਭਖਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ । ਪੰਜਾਬੀ ਜੀਵਨ ਵਿਚ ਮੇਲਿਆਂ ਤੇ ਤਿਉਹਾਰਾਂ ਦਾ ਕਾਫ਼ਲਾ ਸਾਲ ਦੇ ਆਰੰਭ ਤੋਂ ਲੈ ਕੇ ਸਾਲ ਦੇ ਅੰਤ ਤਕ ਚਲਦਾ ਹੈ । ਕੋਈ ਮਹੀਨਾ ਅਜਿਹਾ ਨਹੀਂ, ਜਿਸ ਵਿਚ ਦੋ-ਤਿੰਨ ਮੇਲੇ ਜਾਂ ਤਿਉਹਾਰ ਨਾ ਆਉਂਦੇ ਹੋਣ, ਜਿਨ੍ਹਾਂ ਵਿਚ ਪੰਜਾਬੀ ਜੀਵਨ ਖੁੱਲ੍ਹਾਂ ਮਾਣਦਾ ਤੇ ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦਾ ਹੈ । ਮੇਲਿਆਂ ਦਾ ਅਨੰਦ ਲੈਣ ਦਾ ਇਹ ਸਿਲਸਿਲਾ ਪੰਜਾਬੀ ਜੀਵਨ ਵਿਚ ਲਗਾਤਾਰ ਚਲਦਾ ਰਹਿੰਦਾ ਹੈ । ਮੇਲੇ ਵਿਚ ਤਾਂ ਪੰਜਾਬੀ ਸਚਮੁੱਚ ਲਾੜਾ ਬਣਿਆ ਫਿਰਦਾ ਹੈ । ਉਸ ਦਾ 'ਨਿੱਜ' ਘੋੜੀ ਚੜ੍ਹਿਆ ਹੁੰਦਾ ਹੈ । ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੇਲਾ ਬੀਜ ਰੂਪ ਵਿਚ ਹੀ ਪੰਜਾਬੀ ਜੀਵਨ ਵਿਚ ਸਮਾਇਆ ਹੋਇਆ ਹੈ ।

    ਪ੍ਰਸ਼ਨ 3. ਪੰਜਾਬ ਦੇ ਮੇਲਿਆਂ ਵਿਚ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ ?

    ਉੱਤਰ- ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸਖ਼ਸੀਅਤ, ਰੰਗ ਤੇ ਚਰਿੱਤਰ ਹੈ । ਇਨ੍ਹਾਂ ਦੀ ਬਹੁਰੰਗਤਾ ਪੰਜਾਬੀਆ ਦੀ ਬਹੁਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ । ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਉਣਾ ਹੋਣ ਦੇ ਨਾਲ ਸਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ ।
                            ਪੰਜਾਬ ਦੇ ਹਰ ਮੇਲੇ ਵਿਚ ਇਕ ਭਰਪੂਰ ਬਜਾਰ ਉੱਭਰ ਆਉਂਦਾ ਹੈ, ਕਿਉਂਕਿ ਪੰਜਾਬੀ ਹਰ ਮੇਲੇ 'ਤੇ ਕੋਈ ਨਾ ਕੋਈ ਨਵੀਂ ਚੀਜ਼ ਜਰੂਰ ਖ਼ਰੀਦਦੇ ਹਨ । ਮੇਲਿਆਂ ਦੇ ਬਜ਼ਾਰ ਵਿਚ ਖਾਣ-ਪੀਣ, ਸ਼ਿੰਗਾਰ, ਖਿਡੌਣਿਆਂ ਤੇ ਦਿਲ-ਪਰਚਾਵੇ ਦੀਆਂ ਵੰਨ-ਸੁਵੰਨੀਆਂ ਦੁਕਾਨਾਂ ਉੱਭਰ ਆਉਂਦੀਆਂ ਹਨ ।

    ਪ੍ਰਸ਼ਨ 4. ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ ? ਇਨ੍ਹਾਂ ਵਿੱਚੋਂ ਇਕ ਮੇਲੇ ਬਾਰੇ ਸੰਖੇਪ ਨੋਟ ਲਿਖੇ।

    ਉੱਤਰ- ਬਸੰਤ-ਪੰਚਮੀ, ਹੋਲੀ, ਹੋਲਾ-ਮਹੱਲਾ ਵਿਸਾਖੀ ਤੇ ਤੀਆਂ ਆਦਿ ਪੰਜਾਬ ਦੇ ਮੁੱਖ ਮੋਸਮੀ ਮੇਲੇ ਹਨ । ਇਨ੍ਹਾਂ ਵਿਚੋਂ ਬਸੰਤ-ਪੰਚਮੀ ਦਾ ਮੇਲਾ ਬਸੰਤ ਰੁੱਤ ਦੇ ਆਰੰਭ ਹੋਣ ਦੀ ਖ਼ੁਸ਼ੀ ਵਿਚ ਮਨਾਇਆ ਜਾਦਾ ਹੈ । ਇਸ ਦਿਨ ਥਾਂ-ਥਾਂ 'ਤੇ ਨਿੱਕੇ-ਵੱਡੇ ਮੇਲੇ ਲਗਦੇ ਹਨ । ਇਨ੍ਹਾਂ ਦਿਨਾਂ ਵਿਚ ਲੋਕ ਬਸੰਤੀ ਕੱਪੜੇ ਪਾਉਂਦੇ ਅਤੇ ਬਸੰਤੀ ਹਲਵਾ ਬਣਾਉਂਦੇ ਹਨ । ਪਟਿਆਲੇ ਤੇ ਛੇਹਰਟੇ ਦੇ ਬਸੰਤ-ਪੰਚਮੀ ਦੇ ਮੇਲੇ ਬਹੁਤ ਪ੍ਰਸਿੱਧ ਹਨ । ਵੰਡ ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਇ ਧਰਮੀ ਦੀ ਸਮਾਧ 'ਤੇ ਬੜਾ ਭਾਰੀ ਮੇਲਾ ਲਗਦਾ ਸੀ ।PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ

    ਪ੍ਰਸ਼ਨ 5. ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਸਰਪ-ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ-ਕਿਹੜੇ ਹਨ ? ਇਨ੍ਹਾਂ ਵਿਚੋਂ ਕਿਸੇ ਇਕ ਮੇਲੇ ਦਾ ਵਰਣਨ ਕਰੋ ।

    ਉੱਤਰ- ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਸਰਪ-ਪੂਜਾ ਨਾਲ ਬਹੁਤ ਸਾਰੇ ਮੇਲੇ ਸੰਬੰਧਿਤ ਹਨ । ਪਹਿਲੇ ਸਮੇਂ ਵਿਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦੇ ਸਨ ਤੇ ਇਨ੍ਹੀਂ ਦਿਨੀਂ ਖੇਤਾਂ ਵਿਚ ਮੇਲੇ ਵੀ ਲਗਦੇ ਹੁੰਦੇ ਸਨ । ਪੰਜਾ ਸਾਹਿਬ ਦੇ ਚਸ਼ਮੇ ਨੂੰ ਨਾਗਾਂ ਦੇ ਰਾਜੇ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ, ਜਿੱਥੇ ਪ੍ਰਾਚੀਨ ਕਾਲ ਵਿਚ ਲੋਕ ਮੀਂਹ ਲਈ ਪ੍ਰਾਰਥਨਾ ਕਰਦੇ ਹੁੰਦੇ ਸਨ । ਮੁਸਲਮਾਨੀ ਰਾਜ ਤੋਂ ਪਹਿਲਾਂ ਇੱਥੇ ਭਾਰੀ ਮੇਲਾ ਲਗਦਾ ਹੁੰਦਾ ਸੀ । ਇਨ੍ਹਾਂ ਮੇਲਿਆਂ ਨੂੰ ਨਾਗ ਮਾਹ' ਕਿਹਾ ਜਾਂਦਾ ਹੈ । ਪੰਜਾਬ ਵਿਚ ਗੁੱਗੇ ਦੀ ਪੂਜਾ ਮੂਲ ਰੂਪ ਵਿਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਪੰਜਾਬ ਵਿਚ ਗੁੱਗੇ ਦੀ ਪੂਜਾ ਨਾਲ ਸੰਬੰਧਿਤ ਸਭ ਤੋਂ ਵੱਡਾ ਮੇਲਾ ਛਪਾਰ ਵਿਚ ਭਾਦਰੋਂ ਸੁਦੀ ਚੰਦਾਂ ਨੂੰ ਲਗਦਾ ਹੈ । ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਮਾੜੀ ਹੈ, ਜਿਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1890 ਬਿਕਰਮੀ ਵਿਚ ਸਥਾਪਨਾ ਕੀਤੀ ਸੀ ਤੇ ਉਦੋਂ ਤੋਂ ਹੀ ਇਹ ਮੇਲਾ ਲਗਦਾ ਆ ਰਿਹਾ ਹੈ ।

    ਪ੍ਰਸ਼ਨ 6. ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ ? ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇਕ ਮੇਲੇ ਬਾਰੇ ਸੰਖੇਪ ਨੋਟ ਲਿਖੋ ।

    ਉੱਤਰ- ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲਗਦੇ ਹਨ । ਦੇਵੀ ਮਾਤਾ ਦੀ ਪੂਜਾ ਮੁੱਢ-ਕਦੀਮ ਤੋਂ ਚਲੀ ਆ ਰਹੀ ਹੈ । ਹੜੱਪਾ ਤੇ ਮੁਹਿੰਜੋਦੜੋ ਦੀ ਖੁਦਾਈ ਤੇ ਮਿਲੀਆ ਮੂਰਤੀਆਂ ਤੋਂ ਦੇਵੀ-ਮਾਤਾ ਦੀ ਪੂਜਾ ਦੇ ਪੁਰਾਤਨ ਪ੍ਰਮਾਣ ਮਿਲਦੇ ਹਨ । ਇਹ ਮੇਲੇ ਦੇਵੀ ਮਾਤਾ ਦੀ ਕਰੋਪੀ ਤੋਂ ਬਚਣ ਲਈ ਤੇ ਉਸ ਨੂੰ ਖੁਸ ਕਰਨ ਲਈ ਪੁਰਾਤਨ ਕਾਲ ਤੇ ਲਗਦੇ ਆਏ ਹਨ । ਸਾਂਝੀ ਦੇਵੀ ਦੀ ਪੂਜਾ-ਸਾਂਝੀ ਦੇਵੀ ਦੀ ਪੂਜਾ ਕਰਨ ਲਈ ਪਹਿਲੇ ਨੌਰਾਤੇ ਨੂੰ ਗੋਹੇ ਵਿਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ । ਉਸ ਨੂੰ ਫੁੱਲਾ, ਕੰਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆ ਨਾਲ ਸਿੰਗਾਰਿਆ ਜਾਂਦਾ ਹੈ । ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ । ਕਈ ਘਰਾਂ ਵਿਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ । ਦੁਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ-ਨਾਲੇ ਵਿਚ ਜਲ- ਪ੍ਰਵਾਹ ਕਰ ਦਿੱਤਾ ਜਾਂਦਾ ਹੈ ।


    ਪ੍ਰਸ਼ਨ 7. ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲਗਦੇ ਹਨ ? ਕਿਸੇ ਇਕ ਮੇਲੇ ਬਾਰੇ ਜਾਣਕਾਰੀ ਦਿਓ ।

    ਉੱਤਰ- ਪੰਜਾਬ ਵਿਚ ਗੁਰੂ ਸਾਹਿਬਾਂ ਦੇ ਪਾਵਨ ਸਥਾਨਾ ਉੱਤੇ ਖ਼ਾਸ-ਖ਼ਾਸ ਮੌਕਿਆ ਉੱਤੇ ਮੇਲੇ ਲਗਦੇ ਹਨ । ਪੱਛਮੀ ਪੰਜਾਬ ਵਿਚ ਪੰਜਾ ਸਾਹਿਬ ਵਿਖੇ ਹਰ ਪੂਰਨਮਾਸ਼ੀ ਨੂੰ ਮੇਲਾ ਲਗਦਾ ਸੀ । ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ, ਲਾਹੌਰ ਵਿਚ ਭਾਰੀ ਜੋੜ-ਮੇਲਾ ਲਗਦਾ ਸੀ । ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ- ਉਤਸਵ ਉੱਤੇ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰੀ ਮੇਲਾ ਲਗਦਾ ਸੀ । ਇਹ ਮੇਲਾ ਕਿਸੇ ਹੱਦ ਤਕ ਹੁਣ ਵੀ ਲਗਦਾ ਹੈ । ਇਨ੍ਹਾਂ ਤੋਂ ਇਲਾਵਾ ਮਾਘੀ ਦੇ ਦਿਨ ਮੁਕਤਸਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਾਲੀ ਮੁਕਤਿਆ ਦੀ ਟੁੱਟੀ ਗੰਢਣ ਸੰਬੰਧੀ ਭਾਰੀ ਮੇਲਾ ਲਗਦਾ ਹੈ। ਚੇਤ ਵਦੀ ਪਹਿਲੀ ਨੂੰ ਆਨੰਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦਾ ਮੇਲਾ ਲਗਦਾ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾ ਨੂੰ ਯੁੱਧ-ਵਿੱਦਿਆ ਵਿਚ ਨਿਪੁੰਨ ਕਰਨ ਲਈ ਉਨ੍ਹਾਂ ਦੇ ਮੁਕਾਬਲਿਆ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਸੀ । ਤਰਨਤਾਰਨ ਵਿਖੇ ਹਰ ਮੱਸਿਆ ਨੂੰ ਲੱਗਣ ਵਾਲੇ ਮੇਲੇ ਵਿਚ ਲੋਕ ਭਾਰੀ ਗਿਣਤੀ ਵਿਚ ਪਹੁੰਚਦੇ ਹਨ । ਇਨ੍ਹਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਮੋਰਿੰਡਾ, ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਚ ਜੋੜ-ਮੇਲੇ ਲਗਦੇ ਹਨ ।

                            ਮੁਕਤਸਰ ਦਾ ਮੇਲਾ-ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਚ ਲਗਦਾ ਹੈ । ਇਸ ਦਾ ਸੰਬੰਧ 1705 ਈ ਦੀ ਉਸ ਇਤਿਹਾਸਿਕ ਘਟਨਾ ਨਾਲ ਹੈ, ਜਦੋਂ ਸਰਹਿੰਦ ਦੇ ਸੂਬੇਦਾਰ, ਵਜੀਰ ਖਾਂ ਦੀਆਂ ਛੱਜਾ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿਚ ਆਈਆ, ਤਾਂ ਸਿੰਘਾਂ ਨੇ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਦੇ ਕੰਢੇ ਉਨ੍ਹਾਂ ਦਾ ਮੁਕਾਬਲਾ ਕੀਤਾ । ਇਸੇ ਯੁੱਧ ਵਿਚ ਚਾਲੀ ਸਿੰਘ, ਜੇ ਪਹਿਲਾ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾ ਦੇ ਜੱਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਗੰਢ ਲਈ । ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ 'ਮੁਕਤੇ' ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ । ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁਮਾ ਕੇ ਇੱਥੇ ਆਉਂਦੀਆਂ ਹਨ ਅਤੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ । 

    ਪ੍ਰਸ਼ਨ 8. ਪੰਜਾਬ ਵਿਚ ਤਿੱਖਾ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ ?

    ਉੱਤਰ- ਪੰਜਾਬ ਵਿਚ ਤਿੱਖਾ ਨਾਲ ਸੰਬੰਧਿਤ ਬਹੁਤ ਸਾਰੇ ਸਾਲ ਦੇ ਹਰ ਮਹੀਨੇ ਵਿਚ ਤਿੱਥ ਤਿਉਹਾਰ ਮਨਾਏ ਜਾਂਦੇ ਹਨ । ਪੰਜਾਬ ਵਿਚ ਚੰਨ ਦੀਆਂ ਤਿੱਥਾਂ ਮੁਤਾਬਿਕ ਏਕਾਦਸ਼ੀ, ਮੱਸਿਆ, ਪੂਰਨਮਾਸ਼ੀ ਤੇ ਸੰਗਰਾਦ ਹਰ ਮਹੀਨੇ ਆਉਂਦੇ ਰਹਿੰਦੇ ਹਨ । ਇਨ੍ਹਾਂ ਤੋਂ ਇਲਾਵਾ ਨਵਾਂ ਸਾਲ ਚੜ੍ਹਦਿਆਂ ਚੇਤਰ ਦੀ ਏਕਮ ਨੂੰ ਨਵਾਂ ਸੰਮਤ, ਚੇਤਰ ਸੁਦੀ ਅੱਠਵੀਂ ਨੂੰ ਕੰਜਕਾਂ ਚੇਤਰ ਸੁਦੀ ਨੌਂ ਨੂੰ ਰਾਮ ਨੌਵੀਂ, ਸਾਵਣ ਵਿਚ ਤੀਆਂ, ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ, ਭਾਦੋਂ ਵਿਚ ਗੁੱਗਾ ਨੌਵੀਂ, ਭਾਦੋਂ ਦੀ ਕ੍ਰਿਸ਼ਨ ਪੱਖ ਦੀ ਅੱਠਵੀਂ ਨੂੰ ਜਨਮ ਅਸ਼ਟਮੀ, ਅੱਸੂ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿੱਥਾਂ ਨੂੰ ਸਰਾਧ, ਅੱਸੂ ਦੇ ਚਾਨਣ ਪੱਖ ਦੀ ਏਕਮ ਤੋਂ ਨੌਵੀਂ ਤਕ ਨੌਰਾਤੇ, ਨੌਰਾਤਿਆਂ ਵਿਚ ਮਾਤਾ ਗੌਰਜਾਂ ਤੇ ਸਾਂਝੀ ਦੇਵੀ ਦੀ ਪੂਜਾ, ਰਾਮ-ਲੀਲ੍ਹਾ, ਦੁਸਹਿਰਾ, ਕੱਤਕ ਦੀ ਮੱਸਿਆ ਨੂੰ ਦੀਵਾਲੀ, ਹਨੇਰੇ ਪੱਖ ਦੀ ਚੌਥੀ ਤਿੱਥ ਨੂੰ ਕਰਵਾ ਚੌਥ, ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਪੋਹ ਮਹੀਨੇ ਦੇ ਆਖ਼ਰੀ ਦਿਨ ਲੋਹੜੀ, ਮਾਘ ਦੀ ਏਕਮ ਨੂੰ ਮਕਰ ਸੰਕ੍ਰਾਂਤੀ ਜਾਂ ਮਾਘੀ ਤੇ ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਤਿਉਹਾਰ ਆਉਂਦਾ ਹੈ । ਇਸ ਤਰ੍ਹਾਂ ਪੰਜਾਬ ਵਿਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਲਗਾਤਾਰ ਚਲਦਾ ਰਹਿੰਦਾ ਹੈ ।

    ਵਸਤੁਨਿਸ਼ਠ ਪ੍ਰਸ਼ਨ (OBJECTIVE TYPE QUESTIONS)

    ਪ੍ਰਸ਼ਨ 1. ਡਾ. ਐੱਮ. ਐੱਸ. ਵਣਜਾਰਾ ਬੇਦੀ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ ?

    (A) ਪੰਜਾਬੀ ਸਭਿਆਚਾਰ

    (B) ਪੰਜਾਬ ਦੀਆਂ ਲੋਕ-ਖੇਡਾਂ

    (C) ਪੰਜਾਬ ਦੇ ਲੋਕ-ਨਾਚ

    (D) ਪੰਜਾਬ ਦੇ ਮੇਲੇ ਤੇ ਤਿਉਹਾਰ ।


    ਉੱਤਰ-(D) ਪੰਜਾਬ ਦੇ ਮੇਲੇ ਤੇ ਤਿਉਹਾਰ ।

    ਪ੍ਰਸ਼ਨ 2. 'ਪੰਜਾਬ ਦੇ ਮੇਲੇ ਤੇ ਤਿਉਹਾਰ' ਲੇਖ ਦਾ ਲੇਖਕ ਕੌਣ ਹੈ ?

    (A) ਡਾ. ਐੱਸ. ਐੱਸ. ਵਣਜਾਰਾ ਬੇਦੀ

    (B) ਡਾ: ਜੁਗਿੰਦਰ ਸਿੰਘ ਕੈਰੋਂ

    (C) ਗੁਲਜ਼ਾਰ ਸਿੰਘ ਸੰਧੂ

    (D) ਪ੍ਰੋ: ਮਨਜੀਤ ਸਿੰਘ ।


    ਉੱਤਰ-(A) ਡਾ. ਐੱਸ. ਐੱਸ. ਵਣਜਾਰਾ ਬੇਦੀ ।

    ਪ੍ਰਸ਼ਨ 3. ਕਿਹੜੀ ਚੀਜ਼ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਈ ਹੋਈ ਹੈ ?

    (A) ਮੇਲਾ

    (B) ਖੇਡਾਂ

    (C) ਲੜਾਈ

    (D) ਰੋਣਾ ।

    ਉੱਤਰ-(A) ਮੇਲਾ ।

    ਪ੍ਰਸ਼ਨ 4. ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਕਾਹਦੇ ਵਿੱਚੋਂ ਪੂਰੇ ਰੰਗ ਵਿਚ ਪ੍ਰਤੀਬਿੰਬਤ ਹੁੰਦੀ ਹੈ ?

    (A) ਮੇਲਿਆ ਤੇ ਤਿਉਹਾਰਾਂ ਵਿੱਚੋਂ

    (B) ਲੋਕ ਖੇਡਾਂ ਵਿੱਚੋ

    (C) ਪਹਿਰਾਵੇ ਵਿੱਚੋਂ

    (D) ਖਾਣ-ਪੀਣ ਵਿੱਚੋਂ ।


    ਉੱਤਰ-(A) ਮੇਲਿਆਂ ਤੇ ਤਿਉਹਾਰਾਂ ਵਿੱਚੋਂ ।

    ਪ੍ਰਸ਼ਨ 5. ਜਿੱਥੇ ਚਾਰ ਪੰਜਾਬੀ ਜੁੜ-ਜਾਣ ਉੱਥੇ ਕੀ ਬਣ ਜਾਂਦਾ ਹੈ ?

    (A) ਤੁਰਦਾ-ਫਿਰਦਾ ਮੇਲਾ

    (B) ਝਗੜੇ ਦੀ ਹਾਲਤ

    (C) ਰਿਸ਼ਤੇਦਾਰੀ

    (D) ਮਿੱਤਰਾਚਾਰੀ

    ਉੱਤਰ-(A) ਤੁਰਦਾ-ਫਿਰਦਾ ਮੇਲਾ ।

    ਪ੍ਰਸ਼ਨ 6. ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ?

    (A) ਖੁਸ਼ੀਆਂ ਦੀ

    (B) ਏਕਤਾ ਦੀ

    (C) ਸਭਿਆਚਾਰ ਦੀ

    (D) ਇਲਾਕੇ ਦੀ

    ਉੱਤਰ-(C) ਸਭਿਆਚਾਰ ਦੀ ।

    ਪ੍ਰਸ਼ਨ 7. ਕਿਹੜੀ ਚੀਜ਼ ਪੰਜਾਬ ਦੇ ਮੌਸਮਾਂ, ਰੁੱਤਾਂ ਤੇ ਤਿਉਹਾਰਾਂ ਨਾਲ ਜੁੜੀ ਹੋਈ ਹੈ ?

    (A) ਫਸਲਾਂ

    (B) ਖੇਡਾਂ

    (C) ਵਹਿਮ-ਭਰਮ

    (D) ਮੇਲੇ

    ਉੱਤਰ-(D) ਮੇਲੇ।

    ਪ੍ਰਸ਼ਨ 8. ਰੁੱਤਾਂ ਵਿਚ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਕਿਹੜੀ ਹੈ ?

    ਉੱਤਰ-ਬਸੰਤ ।

    ਪ੍ਰਸ਼ਨ 9. ਬਸੰਤ ਪੰਚਮੀ ਦੇ ਮੇਲੇ ਕਿਹੜੀਆਂ ਥਾਂਵਾਂ ਤੇ ਲਗਦੇ ਹਨ ?

    (A) ਪਟਿਆਲੇ ਤੇ ਛੇਹਰਟੇ

    (B) ਜਲੰਧਰ

    (C) ਲੁਧਿਆਣੇ

    (D) ਅੰਮ੍ਰਿਤਸਰ

    ਉੱਤਰ-(A) ਪਟਿਆਲੇ ਤੇ ਛੇਹਰਟੇ ।

    ਪ੍ਰਸ਼ਨ 10. ਫੱਗਣ ਵਿਚ ਕਿਹੜਾ ਤਿਉਹਾਰ ਮਨਾਇਆ ਹੈ ?

    ਉੱਤਰ-ਹੋਲੀ ।

    ਪ੍ਰਸ਼ਨ 11. ਹੇਲੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿਚ ਮਨਾਇਆ ਜਾਂਦਾ ਹੈ ?

    ਉੱਤਰ-ਫੱਗਣ ਦੇ ।

    ਪ੍ਰਸ਼ਨ 12. ਅਨੰਦਪੁਰ ਸਾਹਿਬ ਵਿਚ ਕਿਹੜਾ ਭਾਰੀ ਮੇਲਾ ਲਗਦਾ ਹੈ ?

    (A) ਹੋਲਾ-ਮੁਹੱਲਾ

    (B) ਹੋਲੀ

    (C) ਲੋਹੜੀ

    (D) ਬਸੰਤ-ਪੰਚਮੀ ।

    ਉੱਤਰ-(A) ਹੋਲਾ-ਮੁਹੱਲਾ ।

    ਪ੍ਰਸ਼ਨ 13. ਹੋਲੇ-ਮੁਹੱਲੇ ਦਾ ਭਾਰੀ ਮੇਲਾ ਕਿੱਥੇ ਲੱਗਦਾ ਹੈ ?

    ਉੱਤਰ-ਅਨੰਦਪੁਰ ਸਾਹਿਬ ।

    ਪ੍ਰਸ਼ਨ 14. ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ ?

    (A) ਜੰਗੀ-ਮੁਕਾਬਲੇ

    (B) ਹੋਲੀ

    (C) ਦਾਨ ਪੁੰਨ

    (D) ਬਸੰਤ - ਪੱਚਮੀ


    ਉੱਤਰ-(A) ਜੰਗੀ ਮੁਕਾਬਲੇ ।

    ਪ੍ਰਸ਼ਨ 15. ਤੀਆਂ ਦਾ ਤਿਉਹਾਰ ਕਦੋਂ ਆਉਂਦਾ ਹੈ ?

    ਉੱਤਰ-ਸਾਵਣ ਵਿਚ/ਵਰਖਾ ਰੁੱਤ ਵਿਚ ।

    ਪ੍ਰਸ਼ਨ 16. ਪਹਿਲੇ ਸਮਿਆਂ ਵਿਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸਦੀ ਪੂਜਾ ਕਰਦੇ ਸਨ ?

    (A) ਗੁੱਗੇ ਦੀ

    (B) ਧਰਤੀ ਦੀ

    (C) ਜਲ ਦੀ

    (D) ਨਾਗ ਦੀ

    ਉੱਤਰ-(D) ਨਾਗ ਦੀ ।

    ਪ੍ਰਸ਼ਨ 17. ਗੁੱਗੇ ਨਾਲ ਸੰਬੰਧਿਤ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ ?

    ਉੱਤਰ-ਸਰਪ ਦੀ ।

    ਪ੍ਰਸ਼ਨ 18. ਛਪਾਰ ਦਾ ਮੇਲਾ ਕਿਸ ਦੀ ਯਾਦ (ਸਿਮਰਤੀ) ਵਿਚ ਲਗਦਾ ਹੈ ?

    (A) ਰਾਮ ਦੀ ਯਾਦ ਵਿਚ

    (B) ਗੁੱਗੇ ਦੀ ਯਾਦ ਵਿਚ

    (C) ਦੁੱਲੇ ਭੱਟੀ ਦੀ ਯਾਦ ਵਿਚ

    (D) ਸ਼ਿਵ ਦੀ ਯਾਦ ਵਿੱਚ


    ਉੱਤਰ-(B) ਗੁੱਗੇ ਦੀ ਯਾਦ ਵਿਚ ।

    ਪ੍ਰਸ਼ਨ 19. ਗੁੱਗੇ ਦੀ ਸਿਮਰਤੀ ਵਿਚ ਵੱਡਾ ਮੇਲਾ ਕਿੱਥੇ ਲਗਦਾ ਹੈ ?

    (A) ਜਰਗ ਵਿਚ

    (B) ਮਲੇਰਕੋਟਲੇ

    (C) ਛਪਾਰ ਪਿੰਡ ਵਿਚ

    (D) ਲੁਧਿਆਣੇ


    ਉੱਤਰ-(C) ਛਪਾਰ ਪਿੰਡ ਵਿਚ ।

    ਪ੍ਰਸ਼ਨ 20.ਗੁੱਗੇ ਦੇ ਭਗਤਾਂ ਨੇ ਛਪਾਰ ਪਿੰਡ ਵਿਚ ਕਦੋਂ ਗੁੱਗੇ ਦੀ ਮਾੜੀ ਦੀ ਸਥਾਪਨਾ ਕੀਤੀ 

    ਉੱਤਰ - 1880 ਵਿੱਚ ।

    ਪ੍ਰਸ਼ਨ 21. ਛਪਾਰ ਦਾ ਮੇਲਾ ਕਿਹੜੇ ਜਿਲ੍ਹੇ ਵਿਚ ਲਗਦਾ ਹੈ ?

    (A) ਲੁਧਿਆਣਾ

    (B) ਰੋਪੜ

    (C) ਜਲੰਧਰ

    (D) ਅੰਮ੍ਰਿਤਸਰ

    ਉੱਤਰ-(A) ਲੁਧਿਆਣਾ ।

    ਪ੍ਰਸ਼ਨ 22. ਦੇਵੀ ਦਾ ਮੁੱਖ ਸਥਾਨ ਕਿੱਥੇ ਹੈ ?

    (A) ਜਵਾਲਾ ਮੁਖੀ

    (B) ਮਨੀਮਾਜਰਾ

    (C) ਢੋਲਬਾਹਾ

    (D) ਨੈਣਾ ਦੇਵੀ

    ਉੱਤਰ-(A) ਜਵਾਲਾ ਮੁਖੀ ।

    ਪ੍ਰਸ਼ਨ 23. ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਸਮੇਂ ਲੱਭੀਆਂ ਮੂਰਤੀਆਂ ਵਿਚੋਂ ਇਕ ਕਿਸ ਦੀ ਸੀ ?

    (A) ਸੀਤਾ ਦੀ

    (B) ਪਾਰਵਤੀ ਦੀ

    (C) ਦੇਵੀ ਮਾਤਾ ਦੀ

    (D) ਹਨੂੰਮਾਨ ਦੀ

    ਉੱਤਰ-(C) ਦੇਵੀ ਮਾਤਾ ਦੀ ।

    ਪ੍ਰਸ਼ਨ 24. ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲਗਦਾ ਹੈ ?

    (A) ਨੈਣਾ ਦੇਵੀ ਨੂੰ

    (B) ਜਵਾਲਾ ਜੀ ਨੂੰ

    (C) ਚਿੰਤਪੁਰਨੀ ਮਾਤਾ ਨੂੰ

    (D) ਜਰਗ ਪਿੰਡ ਵਿਚ ਸੀਤਲਾ ਮਾਤਾ (ਦੇਵੀ) ਨੂੰ

    ਉੱਤਰ-(D) ਜਰਗ ਪਿੰਡ ਵਿਚ ਸੀਤਲਾ ਮਾਤਾ (ਦੇਵੀ) ਨੂੰ ।

    ਪ੍ਰਸ਼ਨ 25. ਜਰਗ ਦੇ ਮੇਲੇ ਵਿਚ ਗੁਲਗੁਲੇ ਕਿਨ੍ਹਾਂ ਨੂੰ ਖੁਆਏ ਜਾਂਦੇ ਹਨ ?

    ਉੱਤਰ-ਖੋਤਿਆਂ ਨੂੰ ।

    ਪ੍ਰਸ਼ਨ 26. ‘ਬਹਿੜੀਏ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ?

    ਉੱਤਰ-ਜਰਗ ਦੇ ਮੇਲੇ ਨੂੰ ।

    ਪ੍ਰਸ਼ਨ 27. ਸੀਤਲਾ ਦੇਵੀ ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ ?

    (A) ਘੋੜੇ ਨੂੰ

    (B) ਬਲਦ ਨੂੰ

    (C) ਖੋਤੇ ਨੂੰ

    (D) ਊਠ ਨੂੰ

    ਉੱਤਰ-(C) ਖੋਤੇ ਨੂੰ ।

    ਪ੍ਰਸ਼ਨ 28. ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਦੋਂ ਲਗਦਾ ਹੈ ?

    ਉੱਤਰ-ਫੱਗਣ ਵਿਚ ।

    ਪ੍ਰਸ਼ਨ 29. ਜਗਰਾਵਾਂ ਦੀ ਰੋਸ਼ਨੀ ਕਿਹੜੀ ਵੰਨਗੀ ਦਾ ਮੇਲਾ ਹੈ ?

    (A) ਪੀਰਾਂ-ਫ਼ਕੀਰਾਂ ਲਈ ਸ਼ਰਧਾ

    (B) ਸਰਪ ਪੂਜਾ

    (C) ਦੇਵੀ ਮਾਤਾ ਦੀ ਪੂਜਾ

    (D) ਗੁਰਪੁਰਬ

    ਉੱਤਰ-(A) ਪੀਰਾਂ-ਫ਼ਕੀਰਾਂ ਲਈ ਸ਼ਰਧਾ ।

    ਪ੍ਰਸ਼ਨ 30. ਮਲੇਰਕੋਟਲੇ ਨਿਮਾਣੀ ਇਕਾਦਸ਼ੀ ਨੂੰ ਕਿਸ ਦੀ ਕਬਰ ਉੱਤੇ ਮੇਲਾ ਲਗਦਾ ਹੈ ?

    (A) ਅਬਦੁਲ ਕਾਦਰ ਜੀਲਾਨੀ ਦੀ

    (B) ਹੈਦਰ ਸ਼ੇਖ਼ ਦੀ

    (C) ਅਨਾਇਤ ਸ਼ਾਹ ਦੀ

    (D) ਬੁੱਲ੍ਹੇ ਸ਼ਾਹ ਦੀ

    ਉੱਤਰ-(B) ਹੈਦਰ ਸ਼ੇਖ਼ ਦੀ ।

    ਪ੍ਰਸ਼ਨ 31. ਨਿਗਾਹਾ ਮੇਲਾ ਕਿੱਥੇ ਲਗਦਾ ਹੈ ?

    ਉੱਤਰ-ਮਲੇਰਕੋਟਲੇ ਵਿਚ ।

    ਪ੍ਰਸ਼ਨ 32. ਕਿਸ ਨੇ ਕਿਹਾ ਹੈ ਕਿ, 'ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਂ ਉੱਤੇ ਹੈ ?

    (A) ਧਨੀ ਰਾਮ ਚਾਤ੍ਰਿਕ ਨੇ

    (B) ਸ਼ਿਵ ਕੁਮਾਰ ਨੇ

    (C) ਪ੍ਰੋ: ਪੂਰਨ ਸਿੰਘ ਨੇ

    (D) ਡਾ: ਦੀਵਾਨ ਸਿੰਘ ਕਾਲੇਪਾਣੀ ਨੇ ।

    ਉੱਤਰ-(C) ਪ੍ਰੋ: ਪੂਰਨ ਸਿੰਘ ਨੇ ।

    ਪ੍ਰਸ਼ਨ 33. ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲਗਦਾ ਹੈ ?

    (A) ਕਰਤਾਰਪੁਰ ਵਿਚ

    (B) ਪੰਜਾ ਸਾਹਿਬ ਵਿਚ

    (C) ਨਨਕਾਣਾ ਸਾਹਿਬ ਵਿਚ

    (D) ਰਾਵਲਪਿੰਡੀ ਵਿਚ

    ਉੱਤਰ-(B) ਪੰਜਾ ਸਾਹਿਬ ਵਿਚ ।

    ਪ੍ਰਸ਼ਨ 34. ਪੱਛਮੀ ਪੰਜਾਬ ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲਗਦਾ ਹੈ ?

    (A) ਲਾਹੋਰ

    (B) ਪਿਸ਼ਾਵਰ

    (C) ਰਾਵਲਪਿੰਡੀ

    (D) ਨਨਕਾਣਾ ਸਾਹਿਬ

    ਉੱਤਰ-(D) ਨਨਕਾਣਾ ਸਾਹਿਬ ।

    ਪ੍ਰਸ਼ਨ 35. ਲਾਹੌਰ ਵਿਖੇ ਡੇਹਰਾ ਸਾਹਿਬ ਗੁਰਦੁਆਰੇ ਵਿਚ ਕਿਸ ਦੀ ਸ਼ਹੀਦੀ ਦੇ ਸੰਬੰਧ ਵਿਚ ਮੇਲਾ ਲਗਦਾ ਹੈ ?

    ਉੱਤਰ-ਗੁਰੂ ਅਰਜਨ ਦੇਵ ਜੀ ।

    ਪ੍ਰਸ਼ਨ 36. ਮਾਘੀ ਵਾਲੇ ਦਿਨ ਦਾ ਮੇਲਾ ਕਿੱਥੇ ਲਗਦਾ ਹੈ ?

    (A) ਕਰਤਾਰਪੁਰ

    (B) ਅੰਮ੍ਰਿਤਸਰ

    (C) ਅਨੰਦਪੁਰ ਸਾਹਿਬ

    (D) ਮੁਕਤਸਰ ।

    ਉੱਤਰ-(D) ਮੁਕਤਸਰ ।

    ਪ੍ਰਸ਼ਨ 37. ਮੁਕਤਸਰ ਦਾ ਪਹਿਲਾ ਨਾਂ ਕੀ ਸੀ ?

    ਉੱਤਰ-ਖ਼ਿਦਰਾਣਾ ।

    ਪ੍ਰਸ਼ਨ 38. ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿਚ ਸੰਗਤਾਂ ਕੀ ਕਰਦੀਆਂ ਹਨ ?

    (A) ਮੱਥਾ ਟੇਕਦੀਆਂ ਹਨ

    (B) ਇਸ਼ਨਾਨ ਕਰਦੀਆਂ ਹਨ

    (C) ਪੰਜ ਇਸ਼ਨਾਨ ਕਰਦੀਆਂ ਹਨ

    (D) ਚੂਲੀਆਂ ਲੈਂਦੀਆਂ ਹਨ

    ਉੱਤਰ-(B) ਇਸ਼ਨਾਨ ਕਰਦੀਆਂ ਹਨ ।

    ਪ੍ਰਸ਼ਨ 39. ਗੁਰੂ ਜੀ ਨੇ ਕਿਸ ਦੀ ਬੇਨਤੀ ਉੱਤੇ ਬੇਦਾਵਾ ਪਾੜ ਦਿੱਤਾ ?

    (A) ਭਾਈ ਦਇਆ ਸਿੰਘ

    (B) ਭਾਈ ਮੱਖਣ ਸ਼ਾਹ

    (C) ਜਥੇਦਾਰ ਮਹਾਂ ਸਿੰਘ

    (D) ਜਥੇਦਾਰ ਊਧਮ ਸਿੰਘ ।

    ਉੱਤਰ-(C) ਜਥੇਦਾਰ ਮਹਾਂ ਸਿੰਘ ਜੀ ।

    ਪ੍ਰਸ਼ਨ 40. ਖਿਦਰਾਣੇ (ਮੁਕਤਸਰ) ਵਿਚ ਕਦੋਂ 40 ਸਿੰਘ ਸ਼ਹੀਦ ਹੋਏ ?

    ਉੱਤਰ-1705 ਈ: ।

    ਪ੍ਰਸ਼ਨ 41. ਕਿੰਨੇ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ?

    ਉੱਤਰ-ਚਾਲੀ ।

    ਪ੍ਰਸ਼ਨ 42. ਗੁਰੂ ਜੀ ਨੇ ਖਿਦਰਾਣੇ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਕੀ ਕਹਿ ਕੇ ਸਨਮਾਨਿਆ ?

    ਉੱਤਰ-ਮੁਕਤੇ ।

    ਪ੍ਰਸ਼ਨ 43. ਪੰਜਾਬ ਵਿਚ ਨਵੇਂ ਸੰਮਤ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ?

    ਉੱਤਰ-ਚੇਤਰ ਦੀ ਏਕਮ ਨੂੰ ।

    ਪ੍ਰਸ਼ਨ 44. ਰੁੱਤ ਦਾ ਸਵਾਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ ?

    ਉੱਤਰ-ਚੇਤਰ ਦੀ ਏਕਮ ਨੂੰ / ਨਵੇਂ ਸੰਮਤ ਵਾਲੇ ਦਿਨ ।

    ਪ੍ਰਸ਼ਨ 45. ਕੁਆਰੀਆਂ ਕੁੜੀਆਂ ਦੀ ਪੂਜਾ ਕਿਹੜੇ ਤਿਉਹਾਰ ਵਿਚ ਹੁੰਦੀ ਹੈ ?

    ਉੱਤਰ-ਚੇਤਰ ਸੁਦੀ ਅੱਠਵੀਂ ਦੇ ਤਿਉਹਾਰ ਵਿਚ ।

    ਪ੍ਰਸ਼ਨ 46. ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੀ ਕਰਦੇ ਹਨ ?

    ਉੱਤਰ-ਕੋਜਕਾ ਬਿਠਾਉਂਦੇ ਹਨ ।

    ਪ੍ਰਸ਼ਨ 47. ਕੰਜਕਾਂ ਕਿਸ ਨੂੰ ਪ੍ਰਸੰਨ ਕਰਨ ਲਈ ਬਿਠਾਈਆਂ ਜਾਂਦੀਆਂ ਹਨ ?

    ਉੱਤਰ-ਦੇਵੀ ਮਾਤਾ ਨੂੰ ।

    ਪ੍ਰਸ਼ਨ 48. ਰਾਮ ਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ ?

    ਉੱਤਰ-ਚੇਤਰ ਵਿਚ ।

    ਪ੍ਰਸ਼ਨ 49. ਰਾਮ ਨੌਮੀ ਦਾ ਸੰਬੰਧ ਕਿਸ ਦੇ ਜਨਮ ਨਾਲ ਹੈ ?

    ਉੱਤਰ-ਸ੍ਰੀ ਰਾਮ ਚੰਦਰ ਦੇ ।

    ਪ੍ਰਸ਼ਨ 50. ਸਾਵਣ ਵਿਚ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ?

    ਉੱਤਰ-ਰੱਖੜੀ ਦਾ ।

    ਪ੍ਰਸ਼ਨ 51. ਗੁੱਗਾ ਨੌਮੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ?

    ਉੱਤਰ-ਭਾਦਰੋਂ ਵਿਚ ।

    ਪ੍ਰਸ਼ਨ 52. ਜਨਮ ਅਸ਼ਟਮੀ ਦੇ ਤਿਉਹਾਰ ਦਾ ਸੰਬੰਧ ਕਿਸ ਦੇ ਜਨਮ ਨਾਲ ਹੈ ?

    ਉੱਤਰ-ਸ੍ਰੀ ਕ੍ਰਿਸ਼ਨ ਦੇ ।

    ਪ੍ਰਸ਼ਨ 53. ਅੱਸੂ ਦੇ ਮਹੀਨੇ ਵਿਚ ਕਿਹੜਾ ਤਿਉਹਾਰ ਆਉਂਦਾ ਹੈ ?

    ਉੱਤਰ-ਸਰਾਧ ।

    ਪ੍ਰਸ਼ਨ 54. ਸਰਪ ਪੂਜਾ ਨਾਲ ਸੰਬੰਧਿਤ ਮੇਲਾ ਕਿਹੜਾ ਹੈ ?

    ਉੱਤਰ-ਛਪਾਰ ਦਾ ਮੇਲਾ ।

    ਪ੍ਰਸ਼ਨ 55. ਸਰਾਧਾਂ ਦੇ ਮੁੱਕਦਿਆਂ ਹੀ ਕਿਹੜਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ ?

    ਉੱਤਰ-ਨਰਾਤੇ ।

    ਪ੍ਰਸ਼ਨ 56. ਨਰਾਤਿਆਂ ਵਿਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ?

    ਉੱਤਰ-ਸਾਂਝੀ ਮਾਈ ਦੀ ।

    ਪ੍ਰਸ਼ਨ 57. ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ ਦੁਆਰਾ ਬੀਜੇ ਜੌਂਆਂ ਨੂੰ ਕੀ ਕਿਹਾ ਜਾਂਦਾ ਹੈ ?

    ਉੱਤਰ-ਖੇਤਰੀ ਜਾਂ ਗੋਰਜਾ ਦੀ ਖੇਤੀ ।

    ਪ੍ਰਸ਼ਨ 58. ਸਾਂਝੀ ਮਾਈ ਦੀ ਮੂਰਤੀ ਕਿੱਥੇ ਬਣਾਈ ਜਾਂਦੀ ਹੈ ?

    ਉੱਤਰ-ਕੰਧ ਉੱਤੇ ।

    ਪ੍ਰਸ਼ਨ 59. ਸਾਂਝੀ ਮਾਈ ਦੀ ਮੂਰਤੀ ਨੂੰ ਕਿਸ ਦਿਨ ਟੋਭੇ ਜਾਂ ਨਦੀ-ਨਾਲੇ ਵਿਚ ਜਲ-ਪ੍ਰਵਾਹ ਕੀਤਾ ਜਾਂਦਾ ਹੈ ?

    ਉੱਤਰ-ਦੁਸਹਿਰੇ ਵਾਲੇ ਦਿਨ ।

    ਪ੍ਰਸ਼ਨ 60. ਨੌਰਾਤਿਆਂ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਕਿਹੜਾ ਸਭ ਤੋਂ ਵੱਡਾ ਲੋਕ-ਨਾਚ ਖੇਡਿਆ ਜਾਂਦਾ ਹੈ ?

    ਉੱਤਰ-ਰਾਮ ਲੀਲ੍ਹਾ ।

    ਪ੍ਰਸ਼ਨ 61. ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕਿਸ ਦਿਨ ਮਨਾਇਆ ਜਾਂਦਾ ਹੈ ?

    ਉੱਤਰ-ਕੱਤਕ ਦੀ ਪੂਰਨਮਾਸ਼ੀ ਨੂੰ ।

    ਪ੍ਰਸ਼ਨ 62. ਕੱਤਕ ਦੀ ਮੱਸਿਆ ਨੂੰ ਕਿਹੜਾ ਪੁਰਬ (ਤਿਉਹਾਰ) ਮਨਾਇਆ ਜਾਂਦਾ ਹੈ ?

    ਉੱਤਰ-ਦੀਵਾਲੀ ।

    ਪ੍ਰਸ਼ਨ 63. ਰਾਮਚੰਦਰ ਰਾਵਣ ਉੱਤੇ ਵਿਜੇ ਪ੍ਰਾਪਤ ਕਰਨ ਪਿੱਛੋਂ ਸੀਤਾ ਨੂੰ ਲੈ ਕੇ ਕਿੱਥੇ ਪਹੁੰਚੇ ?

    ਉੱਤਰ-ਅਯੁਧਿਆ ।

    ਪ੍ਰਸ਼ਨ 64. ਕਿੱਥੋਂ ਦੀ ਦੀਵਾਲੀ ਦਾ ਜਲੋ ਵੇਖਣ ਵਾਲਾ ਹੁੰਦਾ ਹੈ ?

    ਉੱਤਰ-ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ।

    ਪ੍ਰਸ਼ਨ 65. ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਕਿੰਨੇ ਬੰਦੀ ਰਾਜਿਆਂ ਨੂੰ ਛੁਡਵਾਇਆ ?

    ਉੱਤਰ -52 .

    ਪ੍ਰਸ਼ਨ 66. ਅੰਮ੍ਰਿਤਸਰ ਦੀ ਦੀਵਾਲੀ ਦਾ ਮੁੱਢ ਕਦੋਂ ਥੱਥਾ ?

    ਉੱਤਰ-ਗੁਰੂ ਹਰਗੋਬਿੰਦ ਜੀ ਵੇਲੇ ।

    ਪ੍ਰਸ਼ਨ 67. ਪੋਹ ਦੇ ਅਖਰੀਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ?

    ਉੱਤਰ-ਲੋਹੜੀ ।

    ਪ੍ਰਸ਼ਨ 68. ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਹੁੰਦਾ ਹੈ ?

    ਉੱਤਰ-ਮਾਘੀ ।

    ਪ੍ਰਸ਼ਨ 69. ਲੋਹੜੀ ਦੇ ਗੀਤਾਂ ਵਿਚ ਕਿਸ ਲੋਕ-ਨਾਇਕ ਦਾ ਜ਼ਿਕਰ ਹੈ ?

    ਉੱਤਰ-ਦੁੱਲਾ ਭੱਟੀ ।

    ਪ੍ਰਸ਼ਨ 70. 'ਜਰਗ ਦੇ ਮੇਲੇ ਦਾ ਹੋਰਨਾਂ ਮੇਲਿਆਂ ਤੋਂ ਕੀ ਵਖਰੇਵਾਂ ਹੈ ?

    ਉੱਤਰ-ਖੋਤਿਆਂ ਨੂੰ ਗੁਲਗੁਲੇ ਖੁਆ ਕੇ ਕਦਰ ਕੀਤੀ ਜਾਂਦੀ ਹੈ ।

    ਪ੍ਰਸ਼ਨ 71. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ ?

    ਉੱਤਰ-ਇਹ ਮੇਲੇ ਜਾਤੀ ਦੀ ਨੁਹਾਰ ਦਾ ਪ੍ਰਤੀਬਿੰਬ ਹੁੰਦੇ ਹਨ ।

     ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ ?


    (i) ਪੰਜਾਬੀਆਂ ਲਈ ਹਰ ਪਲ ਤੇ ਹਰ ਪੁਰਬ ਮੇਲਾ ਹੁੰਦਾ ਹੈ ।

    (ii) ਪੰਜਾਬ ਵਿਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਤੁਰਿਆ ਰਹਿੰਦਾ ਹੈ ।

    (iii) ਮੇਲਾ ਇੱਕੋ-ਇਕ ਅਜਿਹਾ ਇਕੱਠ ਹੈ, ਜਿਸ ਵਿਚ ਸਭ ਬਰਾਤੀ ਹੁੰਦੇ ਹਨ, ਲਾੜਾ ਕੋਈ ਵੀ ਨਹੀਂ ।

    (iv) ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ ।

    (v) ਜਰਗ ਦੇ ਮੇਲੇ ਨੂੰ ਬਹਿੜੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ।

    (vi) ਜਰਗ ਦੇ ਮੇਲੇ ਵਿਚ ਖੋਤਿਆਂ ਦੀ ਬਹੁਤ ਕਦਰ ਹੁੰਦੀ ਹੈ ।

    (vii) ਪ੍ਰੋ: ਮੋਹਨ ਸਿੰਘ ਅਨੁਸਾਰ ਪੰਜਾਬ ਗੁਰਾਂ ਦੇ ਨਾਂ ਉੱਤੇ ਜਿਉਂਦਾ ਹੈ ।

    (viii) ਮਾਘੀ ਦੇ ਦਿਨ ਮੁਕਤਸਰ ਵਿਚ ਭਾਰੀ ਮੇਲਾ ਲਗਦਾ ਹੈ ।

    (ix) ਪੰਜਾਬ ਵਿਚ ਨਵਾਂ ਸੰਮਤ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ।

    (x) ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਨਤਾ ਲਈ ਸੱਪਾਂ ਦੀਆਂ ਖੁੱਡਾਂ ਵਿਚ ਕੱਚੀ ਲੱਸੀ ਪਾਉਂਦੇ ਹਨ ।

    (xi) ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਆਉਂਦਾ ਹੈ ।

    (xii) ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ ।PSEB 12th Class Punjabi Book Solutions Chapter 2 | ਪੰਜਾਬ ਦੇ ਮੇਲੇ ਤੇ ਤਿਉਹਾਰ


    ਉੱਤਰ -(i) ਸਹੀ (ii) ਸਹੀ (iii) ਗਲਤ (iv) ਸਹੀ (v) ਸਹੀ (vi) ਸਹੀ (vii) ਗਲਤ (viii) ਸਹੀ (ix) ਗਲਤ (x) ਸਹੀ (xi) ਸਹੀ (xii) ਸਹੀ ।



    Comments

    Popular Posts

    PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ

    Chapter 3 ਲੇਖਕ ਬਾਰੇ ਗੁਲਜ਼ਾਰ ਸਿੰਘ ਸੰਧੂ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਨਾਂ : ਸ. ਹਰੀ ਸਿੰਘ ਜਨਮ-ਮਿਤੀ : 27 ਫ਼ਰਵਰੀ, 1935 ਜਨਮ-ਸਥਾਨ : ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ : ਐੱਮ.ਏ. (ਅੰਗਰੇਜ਼ੀ) ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ Table Of Contents Long Type Questions Answer ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ...